ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਬਾਊÇਲੰਗ ਮਸ਼ੀਨ ਦੀ ਐਤਵਾਰ ਤੋਂ ਹੋਵੇਗੀ ਸ਼ੁਰੂਆਤ-ਡਿਪਟੀ ਕਮਿਸ਼ਨਰ
ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਨਿੱਕੂ ਪਾਰਕ ਦੀ ਸ਼ਾਨ ਬਹਾਲੀ ਲਈ ਵਚਨਬੱਧ
ਜਲੰਧਰ 26 ਅਗਸਤ 2021
ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਮਨੋਰੰਜਕ ਨਿੱਕੂ ਪਾਰਕ ਵਿੱਚ ਸੁੰਦਰੀਕਰਨ ਅਤੇ ਮੁੜ ਨਿਰਮਾਣ ਦੇ ਕੰਮ ਦਾ ਇਕ ਹੋਰ ਗੇੜ ਮੁੰਕਮਲ ਹੋਣ ਨਾਲ ਇਸ ਪਾਰਕ ਨੂੰ ਦੀਵਾਰਾਂ ’ਤੇ ਮਨਮੋਹਨੀਆਂ ਤਸਵੀਰਾਂ ਨਾਲ ਨਵਾਂ ਤੇ ਸੁੰਦਰ ਰੂਪ ਮਿਲਿਆ ਹੈ। ਇਸੇ ਤਰ੍ਹਾਂ ਬੜੇ ਚਿਰਾਂ ਤੋਂ ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਬਾਊÇਲੰਗ ਮਸ਼ੀਨ ਦੀ ਇਥੇ ਆਉਣ ਵਾਲੇ ਦਰਸ਼ਕਾਂ ਵਲੋਂ ਕੀਤੀ ਜਾ ਰਹੀ ਉਡੀਕ ਵੀ ਖ਼ਤਮ ਹੋਣ ਜਾ ਰਹੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਪ੍ਰੋਜੈਕਟ ਮੁਕੰਮਲ ਲਏ ਗਏ ਹਨ ਅਤੇ ਇਨਾਂ ਨੂੰ ਆਉਣ ਵਾਲੇ ਐਤਵਾਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵੱਖ-ਵੱਖ ਥੀਮਾਂ ’ਤੇ ਅਧਾਰਿਤ ਪਾਰਕ ਦੀਆਂ ਕੰਧਾਂ ’ਤੇ ਪੇਂਟਿੰਗ ਕਰਵਾਈ ਗਈ ਹੈ ਜੋ ਕਿ ਬੱਚਿਆਂ ਲਈ ਆਕਰਸ਼ਨ ਦਾ ਕੇਂਦਰ ਬਣੇਗੀ। ਉਨ੍ਹਾਂ ਕਿਹਾ ਕਿ ਬ੍ਰੇਕ ਡਾਂਸ ਸਵਿੰਗ ਰੱਖ-ਰਖਾਵ ਦੀ ਘਾਟ ਕਰਕੇ ਬੰਦ ਪਿਆ ਸੀ ਜਦਕਿ ਕ੍ਰਿਕਟ ਗੇਂਦਬਾਜ਼ੀ ਮਸ਼ੀਨ ਪਾਰਕ ਵਿੱਚ ਨਵੀਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਅੰਡਰ ਟਰਾਈਲ ਚੱਲ ਰਹੇ ਹਨ ਅਤੇ ਆਉਣ ਵਾਲੇ ਦਰਸਕਾਂ ਲਈ ਐਤਵਾਰ ਨੂੰ ਖੋਲ੍ਹ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਇਸ ਪ੍ਰਮੁੱਖ ਮਨੋਰੰਜਨ ਪਾਰਕ ਵਿੱਚ ਮਨੋਰੰਜਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਨਿੱਕੂ ਪਾਰਕ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਸ਼ਹਿਰ ਦੇ ਬਿਲਕੁਲ ਵਿਚਕਾਰ 4.5 ਏਕੜ ਵਿੱਚ ਬਣੀ ਹੋਈ ਇਸ ਪਾਰਕ ਦੀ ਸਾਂਭ-ਸੰਭਾਲ ਦੀ ਕਮੀ ਅਤੇ ਕੋਵਿਡ-19 ਮਹਾਂਮਾਰੀ ਕਰਕੇ ਲਗਭਗ ਇਕ ਸਾਲ ਤੱਕ ਬੰਦ ਰਹਿਣ ਕਰਕੇ ਹਾਲਤ ਖ਼ਰਾਬ ਬਣੀ ਹੋਈ ਸੀ। ਡਿਪਟੀ ਕਮਿਸ਼ਨਰ ਵਲੋਂ ਕੁਝ ਮਹੀਨੇ ਪਹਿਲਾਂ ਪਾਰਕ ਦੀ ਹਾਲਤ ਦਾ ਜਾਇਜ਼ਾ ਲੈਣ ਉਪਰੰਤ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਵਲੋਂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਗਿਆ ਕਿ ਪਾਰਕ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿੱਕੂ ਪਾਰਕ ਦੇ ਮੈਨੇਜਰ ਐਸ.ਐਸ. ਸਿੱਧੂ ਨੇ ਦੱਸਿਆ ਕਿ ਪਾਰਕ ਵਿਚਲੇ ਸਾਰੇ ਝੂਲੇ ਜਿਨਾਂ ਵਿੱਚ ਮਨੋਰੰਜਕ ਬੱਸ, ਫੁਹਾਰੇ, ਰੇਲ ਗੱਡੀ, ਸੰਗੀਤਮਈ ਫੁਹਾਰੇ, ਫਲੱਡ ਲਾਈਟਾਂ ਅਤੇ ਹੋਰ ਸ਼ਾਮਿਲ ਹਨ ਹਾਲ ਹੀ ਵਿੱਚ ਚਾਲੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਗੇਂਦਬਾਜ਼ੀ ਮਸ਼ੀਨ ਦੀ ਸਹੂਲਤ ਵੀ ਬੱਚਿਆਂ ਲਈ ਤਿਆਰ ਹੈ।