ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਹਦਾਇਤ/ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਵੇ ਜਾਗਰੂਕ

????????????????????????????????????

ਫਾਜ਼ਿਲਕਾ, 1 ਸਤੰਬਰ 2021
ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇਕ ਬੈਠਕ ਕਰਦਿਆਂ ਖੇਤੀਬਾੜੀ ਵਿਭਾਗ ਸਮੇਤ ਕਿਸਾਨਾਂ ਨਾਲ ਜੁੜੇ ਦੂਸਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਉਚਿਤ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ।
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਵਾਰ ਝੋਨੇ ਹੇਠ ਰਕਬੇ ਦੀ ਜਾਣਕਾਰੀ ਇਕੱਤਰ ਕਰੇ ਤਾਂ ਜੋ ਅਜਿਹੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਹੀ ਸਾਂਭ ਸੰਭਾਲ ਸਬੰਧੀ ਤਕਨੀਕੀ ਗਿਆਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਪਰਾਲੀ ਦੇ ਨਿਪਟਾਰੇ ਲਈ ਵਰਤੇ ਜਾਂਦੇ ਸੰਦਾਂ ਦੀ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਉਪਲਬੱਧਤਾ ਸਬੰਧੀ ਵੀ ਜਾਣਕਾਰੀ ਇਕੱਤਰ ਕਰਨ ਤਾਂ ਜੋ ਇਨ੍ਹਾਂ ਸੰਦਾਂ ਦੀ ਸਹੀ ਵਰਤੋਂ ਨਾਲ ਜ਼ਿਆਦਾ ਤੋਂ ਜ਼ਿਆਦਾ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕੋਵਿਡ ਮਹਾਮਾਰੀ ਦੇ ਇਸ ਦੌਰ ਵਿੱਚ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਇਸ ਦੀ ਉਚਿਤ ਸੰਭਾਲ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਮਾਰਗ ਦਰਸ਼ਨ ਲੈ ਕੇ ਅਗੇਤੇ ਪ੍ਰਬੰਧ ਕਰ ਲੈਣ।
ਇਸ ਮੌਕੇ ਖੇਤੀਬਾੜੀ ਅਫਸਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1.05 ਲੱਖ ਹੈਕਟੇਅਰ ਰਕਬਾ ਝੋਨੇ ਅਤੇ ਬਾਸਮਤੀ ਅਧੀਨ ਹੈ ਅਤੇ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਸ.ਪੀ. ਮਨਵਿੰਦਰ ਸਿੰਘ, ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿਤ ਗੁਪਤਾ, ਤਹਿਸੀਲਦਾਰ ਸ੍ਰੀ ਸ਼ਿਸ਼ ਪਾਲ ਤੇ ਜਸਪਾਲ ਸਿੰਘ ਬਰਾੜ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਲਜੀਤ ਸਿੰਘ, ਬੀ.ਡੀ.ਪੀ.ਓ. ਜੀ.ਐਸ. ਵਿਰਕ ਆਦਿ ਵੀ ਹਾਜ਼ਰ ਸਨ।

Spread the love