ਰਾਵਤ ਸਿੱਖਾਂ ਦੀਆਂ ਭਾਵਨਾਵਾਂ ਨੁੰ ਸੱਟ ਮਾਰਨ ਲਈ ਮੁਆਫੀ ਮੰਗੇ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 1 ਸਤੰਬਰ 2021 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕੁਝ ਕਾਂਗਰਸੀਆਂ ਨੂੰ ਪੰਜ ਪਿਆਰੇ ਦੱਸ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਰੀਸ਼ ਰਾਵਤ ਨੇ ਕਾਂਗਰਸੀ ਆਗੂਆਂ ਨੂੰ ਪੰਜ ਪਿਆਰੇ ਕਰਾਰ ਦਿੱਤਾ ਹੈ ਜਦਕਿ ਪੰਜ ਪਿਆਰਿਆਂ ਦਾ ਸਿੱਖੀ ਦਾ ਵੱਡਾ ਰੁਤਬਾ ਹੈ। ਉਹਨਾਂ ਕਿਹਾ ਕਿ ਅਜਿਹੇ ਬਿਆਨ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਦਾ ਅਪਮਾਨ ਹਨ ਤੇ ਇਸ ਵਾਸਤੇ ਰਾਵਤ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਡਾ. ਚੀਮਾ ਨੇ ਕਾਂਗਰਸੀ ਆਗੂ ਨੁੰ ਇਹ ਵੀ ਕਿਹਾ ਕਿ ਉਹ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਸਿੱਖਾਂ ਨੁੰ ਬਿਨਾਂ ਸ਼ਰਤ ਮੁਆਫੀ ਮੰਗਣ। ਉਹਨਾਂ ਨੇ ਰਾਵਤ ਨੂੰ ਸਲਾਹ ਦਿੱਤੀ ਕਿ ਉਹ ਇਸ ਤਰੀਕੇ ਸਿੱਖਾਂ ਦੀਆਂ ਭਾਵਨਾਵਾਂ ਨੁੰ ਠੇਸ ਪਹੁੰਚਾਣ ਦਾ ਯਤਨ ਕਰਨ ਤੇ ਪੰਜ ਪਿਆਰਿਆਂ ਦੀ ਤੁਲਨਾ ਆਪਣੀ ਪਾਰਟੀ ਦੇ ਆਗੂਆਂ ਨਾਲ ਨਾ ਕਰਨ ਕਿਉਂਕਿ ਸਿੱਖ ਇਤਿਹਾਸ ਵਿਚ ਪੰਜ ਪਿਆਰਿਆਂ ਦਾ ਬਹੁਤ ਵੱਡਾ ਰੁਤਬਾ ਤੇ ਸਨਮਾਨ ਹੈ।