ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ: ਡਾ. ਕੈਂਥ

ਮਹਿਲ ਕਲਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ
ਮਹਿਲ ਕਲਾਂ/ਬਰਨਾਲਾ, 2 ਸਤੰਬਰ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਮਹਿਲ ਕਲਾਂ ਵੱਲੋਂ ਪਿੰਡ ਮਹਿਲ ਕਲਾਂ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਸੀ.ਆਰ.ਐਮ ਸਕੀਮ ਅਧੀਨ ਫਸਲਾਂ ਦੀ ਰਹਿੰਦ-ਖੰੂਹਦ ਨੂੰ ਅੱਗ ਨਾ ਲਾਉਣ ਸਬੰਧੀ ਕੈਂਪ ਲਗਾਇਆ ਗਿਆ।
ਇਸ ਮੌਕੇ ਡਾ. ਕੈਂਥ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਥੇੇ ਧਰਤੀ ਦੀ ਉਪਜਾਊ ਸ਼ਕਤੀ ’ਤੇ ਮਾੜਾ ਅਸਰ ਪੈਦਾ ਹੈ, ਉਥੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਡਾ. ਕੈਂਥ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਹੀ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀ ਪੀੜੀ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ, ਮਹਿਲ ਕਲਾਂ ਡਾ. ਜੈਸਮੀਨ ਸਿੱਧੂ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਵਿੱਚ ਆ ਰਹੀਆਂ ਸਮੱਸਿਆ ਅਤੇ ਉਨਾਂ ਦੇ ਹੱਲ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨਾਂ ਨੇ ਬਾਸਮਤੀ ਦੀ ਗੁਣਵੱਤਾ ਨੂੰ ਮੁੱਖ ਰੱਖਦੇ ਹੋਏ 7 ਵੱਖ-ਵੱਖ ਜ਼ਹਿਰਾਂ ਨਾ ਪਾਉਣ ਬਾਰੇ ਅਪੀਲ ਕੀਤੀ।
ਇਸ ਮੌਕੇ ਸਨਵਿੰਦਰਪਾਲ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ, ਮਹਿਲ ਕਲਾਂ ਨੇ ਮੱਕੀ ਦੀ ਫਸਲ ਬਾਰੇ ਅਤੇ ਆਤਮਾ ਸਕੀਮ ਅਧੀਨ ਦਿੱਤੀ ਜਾਂਦੀ ਸਹਾਇਤਾ (ਪ੍ਰਦਰਸ਼ਨੀ ਪਲਾਟ, ਟਰੇਨਿੰਗਾਂ, ਪ੍ਰਭਾਵੀ ਦੌਰੇ ਆਦਿ) ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਵਿਭਾਗ ਵੱਲੋਂ ਇੰਨਸੀਟੂ ਸਕੀਮ ਅਧੀਨ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਬਾਰੇ ਦੱਸਿਆ । ਇਸ ਮੌਕੇ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਯਾਦਵਿੰਦਰ ਸਿੰਘ ਤੁੰਗ ਏ.ਈ.ਓ, ਚਰਨ ਰਾਮ ਏ.ਈ.ਓ, ਹਰਪਾਲ ਸਿੰਘ ਖੇਤੀਬਾੜੀ ਉਪ ਨਿਰੀਖਕ, ਜਸਵਿੰਦਰ ਸਿੰਘ, ਕੁਲਵੀਰ ਸਿੰਘ ਤੇ ਮਹਿੰਦਰ ਕੌਰ ਸਹਾਇਕ ਟੈਕਨਾਲੋਜੀ ਮੈਨੇਜਰ ਤੇ ਕਿਸਾਨ ਗੁਰਦੀਪ ਸਿੰਘ, ਹਰਮਨ ਸਿੰਘ, ਜਰਨੈਲ ਸਿੰਘ, ਪ੍ਰੀਤਮ ਸਿੰੰਘ ਤੇ ਮੰਦਰ ਸਿੰਘ ਹਾਜ਼ਰ ਸਨ।

Spread the love