ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਲਈਆਂ ਜਾਣਗੀਆਂ ਵਾਤਾਵਰਣ ਮਾਹਿਰਾਂ ਦੀਆਂ ਸੇਵਾਵਾਂ-ਔਜਲਾ

ਮੁੰਬਈ ਤੋਂ ਆਈ ਵਾਤਾਵਰਣ ਮਾਹਿਰਾਂ ਦੀ ਟੀਮ ਨਾਲ ਕੀਤਾ ਵਿਚਾਰ ਵਟਾਂਦਰਾ
ਅੰਮਿ੍ਰਤਸਰ, 2 ਸਤੰਬਰ 2021 ਲੋਕ ਸਭਾ ਮੈਂਬਰ ਸ ਗੁਰਜੀਤ ਸਿੰਘ ਔਜਲਾ ਵੱਲੋਂ ਸ਼ਹਿਰ ਦੀ ਤੁੰਗ ਢਾਬ ਡਰੇਨ, ਜੋ ਕਿ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇ ਹੱਲ ਲਈ ਮੁੰਬਈ ਤੋਂ ਆਈ ਵਾਤਾਵਰਣ ਮਾਹਿਰ ਟੀਮ ਅਤੇ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰ ਔਜਲਾ ਨੇ ਦੱਸਿਆ ਕਿ ਤੁੰਗ ਢਾਬ ਡਰੇਨ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪ੍ਰਦੂਸ਼ਿਤ ਸੀ ਨੂੰ ਸਾਫ ਸੁਥਰਾ ਕਰਨ ਲਈ ਵਾਤਾਵਰਣ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਤੁੰਗ ਢਾਬ ਡਰੇਨ ਵਿੱਚ ਪਏ ਗੰਦੇ ਪਾਣੀ ਦੀ ਨਿਕਾਸੀ ਲਈ ਵਾਤਾਵਰਣ ਮਾਹਿਰਾਂ ਵੱਲੋਂ ਕੁਝ ਸੁਝਾਓ ਦਿੱਤੇ ਗਏ ਹਨ ਜਿਸ ਤਹਿਤ ਇਸ ਵਿੱਚ ਸਾਫ ਪਾਣੀ ਛੱਡਿਆ ਜਾਵੇਗਾ ਤੇ ਡਰੇਨ ਨੂੰ ਮੁੜ ਪੁਨਰ ਸੁਰਜੀਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇਗਾ।
ਸ੍ਰ ਔਜਲਾ ਨੇ ਦੱਸਿਆ ਕਿ ਡਰੇਨ ਨੂੰ ਸਾਫ ਕਰਨ ਲਈ ਵਾਤਾਵਰਣ ਮਾਹਿਰਾਂ ਵੱਲੋਂ ਸਲਾਹ ਲਈ ਗਈ ਹੈ ਕਿ ਇਸ ਨੂੰ ਕਿਸ ਤਰਾਂ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਡਰੇਨ ਨੂੰ ਪਹਿਲਾਂ ਪੱਕਾ ਕੀਤਾ ਜਾਵੇ ਜਾਂ ਪਾਣੀ ਛੱਡਿਆ ਜਾਵੇ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਨੂੰ ਸਾਫ ਸੁਥਰਾ ਬਣਾਇਆ ਜਾਵੇ ਦਾ ਫੈਸਲਾ ਵਾਤਾਵਰਣ ਮਾਹਿਰਾਂ ਦੀ ਰਿਪੋਰਟ ਦੇ ਅਧਾਰ ਤੇ ਕੀਤਾ ਜਾਵੇਗਾ। ਸ੍ਰ ਔਜਲਾ ਨੇ ਦੱਸਿਆ ਕਿ ਨਗਰ ਨਿਗਮ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਲਗਾਤਾਰ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਡਰੇਨ ਵਿੱਚ ਉਦਯੋਗਾਂ ਜਾਂ ਸੀਵਰੇਜ ਦਾ ਗੰਦਾ ਪਾਣੀ ਨਾ ਮਿਲੇ। ਸ੍ਰ ਔਜਲਾ ਨੇ ਦੱਸਿਆ ਕਿ ਉਨਾਂ ਦੀ ਇਸ ਮਸਲੇ ਤੇ ਸਹਿਰੀ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੇ ਮੰਤਰੀ ਸ੍ਰੀ ਹਰਦੀਪ ਪੁਰੀ ਨਾਲ ਵੀ ਗੱਲਬਾਤ ਹੋਈ ਹੈ ਅਤੇ ਉਨਾਂ ਵੱਲੋਂ ਹਾਂਪੱਖੀ ਹੰੁਗਾਰਾ ਮਿਲਿਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਪ੍ਰਾਜੈਕਟ ਤਿਆਰ ਕਰਕੇ ਭੇਜਿਆ ਜਾਵੇ ਅਤੇ ਇਸ ਪ੍ਰਾਜੈਕਟ ਵਿੱਚ ਕੇਂਦਰ ਵੱਲੋਂ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰ ਔਜਲਾ ਨੇ ਦੱਸਿਆ ਕਿ ਉਨਾਂ ਵੱਲੋਂ ਲਗਾਤਾਰ ਇਹ ਮਸਲਾ ਲੋਕ ਸਭਾ ਵਿੱਚ ਉਠਾਇਆ ਜਾਂਦਾ ਰਿਹਾ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅੰਮਿ੍ਰਤਸਰ ਫੇਰੀ ਦੌਰਾਨ ਇਸ ਮੁੱਦੇ ਤੇ ਗੱਲਬਾਤ ਹੋਈ ਸੀ ਅਤੇ ਉਨਾਂ ਵੱਲੋਂ ਵੀ ਸਾਰੇ ਵਿਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜਣ ਦੇ ਆਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਆਉਂਦੇ 20-25 ਦਿਨਾਂ ਦੇ ਅੰਦਰ ਅੰਦਰ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਸਬੰਧੀ ਮੀਟਿੰਗ ਕਰਕੇ ਇਸ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰਾਜੈਕਟ ਦਾ ਐਲਾਨ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਸ੍ਰ ਦਲਜੀਤ ਸਿੰਘ ਚੀਫ ਇੰਜ: ਪੰਜਾਬ ਵਾਟਰ ਸਪਲਾਈ ਬੋਰਡ, ਸ੍ਰ ਪੰਕਜ ਜੈਨ ਐਕਸੀਅਨ, ਸ੍ਰੀ ਲਲਿਤ ਮੋਟਵਾਨੀ ਤੇ ਸ੍ਰੀ ਪ੍ਰਵੀਨ ਕੁਮਾਰ ਵਾਤਾਵਰਣ ਮਾਹਿਰ ਵੀ ਹਾਜਰ ਸਨ।
ਕੈਪਸ਼ਨ :-ਲੋਕ ਸਭਾ ਮੈਂਬਰ ਸ ਗੁਰਜੀਤ ਸਿੰਘ ਔਜਲਾ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਾਤਾਵਰਣ ਮਾਹਿਰਾਂ ਨਾਲ ਮੀਟਿੰਗ ਕਰਦੇ ਹੋਏ।

Spread the love