ਪੰਜਾਬ ਸਰਕਾਰ ਵੱਲੋਂ ਰਾਸ਼ੀ ਵਿੱਚ 75 ਹਜ਼ਾਰ ਰੁਪਏ ਦਾ ਵਾਧਾ ਕਰਨ ਤੋਂ ਬਾਅਦ ਹੁਣ ਇਸ ਸਕੀਮ ਤਹਿਤ ਲੋਕਾਂ ਨੂੰ 2.5 ਲੱਖ ਰੁਪਏ ਮਿਲਣਗੇ
ਅੰਮ੍ਰਿਤਸਰ, 6 ਜਨਵਰੀ, 2025:
ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ: ਅਜੇ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੇ ਦਫ਼ਤਰ ਹਾਥੀ ਗੇਟ ਵਿਖੇ 8 ਜਨਵਰੀ ਨੂੰ ਸਵੇਰੇ 11:30 ਵਜੇ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਕੈਂਪ ਵਿੱਚ ਲੋੜਵੰਦ ਲੋਕਾਂ ਲਈ 2 ਕਮਰੇ, ਇੱਕ ਬਾਥਰੂਮ ਅਤੇ ਇੱਕ ਰਸੋਈ ਬਣਾਉਣ ਲਈ ਫੰਡ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਮਕਾਨ ਬਣਾਉਣ ਲਈ 1.75 ਲੱਖ ਰੁਪਏ ਦੀ ਰਾਸ਼ੀ ਦਿੰਦੀ ਸੀ। ਹੁਣ ਉਕਤ ਰਕਮ ਵਧਾ ਕੇ 2.5 ਲੱਖ ਰੁਪਏ ਕਰ ਦਿੱਤੀ ਗਈ ਹੈ। ਵਿਧਾਇਕ ਡਾ: ਗੁਪਤਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿੱਤੀ ਜਾਣ ਵਾਲੀ ਰਾਸ਼ੀ 25 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਹੈ।ਜਿਸ ਤਹਿਤ ਲੋਕਾਂ ਨੂੰ ਘਰ ਬਣਾਉਣ ਲਈ 2.5 ਲੱਖ ਰੁਪਏ ਦੀ ਰਾਸ਼ੀ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਆਵਾਸ ਯੋਜਨਾ ਚਲਾਈ ਜਾਂਦੀ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਉਨ੍ਹਾਂ ਸਾਰੇ ਲੋੜਵੰਦਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ,ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਖਰਾਬ ਅਤੇ ਟੁੱਟੀਆਂ ਹੋਈਆਂ ਹਨ। ਇਸ ਸਕੀਮ ਤਹਿਤ ਉਨ੍ਹਾਂ ਸਾਰਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਮਕਾਨ ਬਣਾਉਣ ਲਈ ਖਾਲੀ ਪਲਾਟ ਹਨ। ਵਿਧਾਇਕ ਡਾ: ਅਜੇ ਗੁਪਤਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਲੋੜਵੰਦ ਲੋਕਾਂ ਨੂੰ ਇਸ ਸਕੀਮ ਦਾ ਲਾਭ ਪਹੁੰਚਾਉਣ ਲਈ ਅਧਿਕਾਰੀਆਂ ਵੱਲੋਂ ਫਾਰਮ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀ ਲੋੜਵੰਦ ਲੋਕਾਂ ਦੇ ਭਰੇ ਫਾਰਮ ਵੀ ਮੌਕੇ ‘ਤੇ ਹੀ ਪ੍ਰਾਪਤ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਲੋਕ ਆਪਣੇ ਨਾਲ ਆਪਣੇ ਪਰਿਵਾਰ ਦਾ ਵੋਟਰ ਕਾਰਡ, ਖਾਲੀ ਪਏ ਪਲਾਟ ਅਤੇ ਘਰ ਦੇ ਰਜਿਸਟਰੀ ਦੀ ਕਾਪੀ ਲੈ ਕੇ ਆਉਣ, ਜੇਕਰ ਕੋਈ ਪਲਾਂਟ ਅਤੇ ਮਕਾਨ ਦੀ ਰਜਿਸਟਰੀ ਨਹੀਂ ਹੈ ਤਾਂ ਘਰ ਲਾਲ ਲਕੀਰ ਦੇ ਅਧੀਨ ਆਉਂਦਾ ਹੈ ਘਰ ਦਾ ਬਿਜਲੀ ਬਿੱਲ ਅਤੇ ਘਰ ਦੀ ਪਟਵਾਰੀ ਰਿਪੋਰਟ, ਸੁਵਿਧਾ ਕੇਂਦਰ ਤੋਂ ਪ੍ਰਾਪਤ ਆਮਦਨ ਸਰਟੀਫਿਕੇਟ, SE, B C ਅਤੇ OBC ਕਾਸਟ ਸਰਟੀਫਿਕੇਟ ਦੀ ਕਾਪੀ, ਇਸ ਸਕੀਮ ਲਈ ਜਨਰਲ ਕਾਸਟ ਸਰਟੀਫਿਕੇਟ ਦੀ ਲੋੜ ਨਹੀਂ ਹੈ। ਅਪਲਾਈ ਕਰਨ ਵਾਲਿਆਂ ਨੂੰ ਦੇਸ਼ ਵਿੱਚ ਕਿਤੇ ਵੀ ਸਥਾਈ ਨਿਵਾਸ ਨਹੀਂ ਹੋਣਾ ਚਾਹੀਦਾ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲਿਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਸ ਸਕੀਮ ਨਾਲ ਸਬੰਧਤ ਲੋਕ ਨਗਰ ਨਿਗਮ ਦੇ ਦਫ਼ਤਰ ਰਣਜੀਤ ਐਵੀਨਿਊ ਵਿਖੇ ਕੰਮ ਵਾਲੇ ਦਿਨ ਨਗਰ ਨਿਗਮ ਦੀ ਸੁਪਰਡੈਂਟ ਲਵਲੀਨ ਸ਼ਰਮਾ ਨਾਲ ਸੰਪਰਕ ਕਰ ਸਕਦੇ ਹਨ। ਤਾਂ ਜੋ ਜੇਕਰ ਕਿਸੇ ਹੋਰ ਦਸਤਾਵੇਜ਼ ਦੀ ਲੋੜ ਹੋਵੇ ਤਾਂ ਇਸ ਸਕੀਮ ਦਾ ਲਾਭ ਲੈਣ ਵਾਲੇ ਲੋੜਵੰਦ ਇਸ ਬਾਰੇ ਪੂਰੀ ਜਾਣਕਾਰੀ ਲੈ ਸਕਣ। ਵਿਧਾਇਕ ਡਾ: ਗੁਪਤਾ ਨੇ ਦੱਸਿਆ ਕਿ ਕੈਂਪ ‘ਚ ਫਾਰਮ ਭਰਨ ਉਪਰੰਤ ਨਿਗਮ ਦੇ ਸਬੰਧਿਤ ਅਧਿਕਾਰੀਆਂ ਵੱਲੋਂ ਰਿਪੋਰਟ ਵੀ ਦਿੱਤੀ ਜਾਵੇਗੀ। ਜੀਓ ਟਰੈਕਿੰਗ ਰਿਪੋਰਟ ਤੋਂ ਬਾਅਦ ਲਾਭਪਾਤਰੀਆਂ ਨੂੰ ਮਕਾਨ ਬਣਾਉਣ ਲਈ ਫੰਡ ਵੀ ਜਾਰੀ ਕੀਤੇ ਜਾਣਗੇ।