ਫਾਜ਼ਿਲਕਾ 18 ਅਕਤੂਬਰ :-
ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਕੀਤੇ ਜਾ ਰਹੇ ਯਤਨ ਕਾਰਗਰ ਸਾਬਤ ਹੋ ਰਹੇ ਹਨ। ਸਰਕਾਰ ਦੇ ਜਾਗਰੂਕਤਾ ਪ੍ਰੋਗਰਾਮਾਂ ਤੋਂ ਜਾਗਰੂਕ ਹੋਣ ਤੋਂ ਬਾਅਦ ਪਿੰਡ ਕੌੜਿਆ ਵਾਲੀ ਫਾਜ਼ਿਲਕਾ ਦੇ ਵਸਨੀਕ ਕਿਸਾਨ ਗੌਤਮ ਘੋੜੇਲਾ ਨੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਪਿਛਲੇ 9 ਸਾਲਾਂ ਤੋਂ ਅੱਗ ਲਗਾਉਣਾ ਬੰਦ ਕਰ ਦਿੱਤਾ ਹੈ।
ਕਿਸਾਨ ਗੌਤਮ ਘੋੜੇਲਾ ਨੇ ਦੱਸਿਆ ਕਿ ਉਹ ਜ਼ਿਆਦਾਤਰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਨੂੰ ਹੀ ਅਪਣਾਉਂਦਾ ਹੈ ਤੇ ਆਪਣੀ 45 ਏਕੜ ਜ਼ਮੀਨ ਉੱਪਰ ਖੇਤੀ ਕਰਦਾ ਹੈ। ਉਸ ਅਨੁਸਾਰ ਪਹਿਲਾ 3 ਕੁ ਸਾਲ ਉਹ ਆਪਣੇ ਫਾਰਮ ਦੇ ਨਜ਼ਦੀਕ ਗਾਵਾਂ ਪਾਲਣ ਵਾਲੇ ਲੋਕਾਂ ਨੂੰ ਪਰਾਲੀ ਚੁਕਾ ਦਿੰਦੇ ਸਨ ਤੇ ਹੈਰੋ ਤੇ ਰੋਟਾਵੇਟਰ ਨਾਲ ਆਪਣੀ ਜਮੀਨ ਨੂੰ ਤਿਆਰ ਕਰਕੇ ਕਣਕ ਦੀ ਬਿਜਾਈ ਕਰਦੇ ਸਨ ਤੇ ਹੁਣ ਪਿਛਲੇ 6 ਸਾਲ ਤੋਂ ਆਪਣੇ ਝੋਨੇ ਦੇ ਖੇਤ ਵਿੱਚੋਂ ਗੱਠਾ ਬਣਾ ਕੇ ਚੁਕਾ ਦਿੰਦੇ ਹਨ ਤੇ ਉਸ ਤੋਂ ਬਾਅਦ ਜਮੀਨ ਤਿਆਰ ਕਰਕੇ ਕਣਕ ਬੀਜਦੇ ਹਨ। ਕਿਸਾਨ ਨੇ ਦੱਸਿਆ ਕਿ ਕਣਕ ਦੇ ਨਾੜ ਨੂੰ ਵੀ ਉਸ ਨੇ ਪਿਛਲੇ 9 ਸਾਲਾਂ ਤੋਂ ਅੱਗ ਨਹੀਂ ਲਗਾਈ, ਨਾੜ ਦੀ ਤੂੜੀ ਬਣਾ ਕੇ ਉਹ ਆਪਣੀ ਜਮੀਨ ਵਿੱਚ ਜੰਤਰ ਬੀਜਦਾ ਹੈ ਜਿਸ ਨਾਲ ਜਮੀਨ ਦੀ ਉਪਜਾਊ ਸਕਤੀ ਵਧਦੀ ਹੈ ਅਤੇ ਹਰਿਆਲੀ ਵੀ ਬਰਕਰਾਰ ਰਹਿੰਦੀ ਹੈ।
ਕਿਸਾਨ ਅਨੁਸਾਰ ਉਹ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਖੇਤੀ ਕਰਦਾ ਹੈ ਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੱਸੀ ਨਿਰਧਾਰਿਤ ਡੋਜ਼ ਫਰਟੀਲਾਈਜ਼ਰ ਅਤੇ ਪੈਸਟੀਸਾਈਡ ਦੀ ਵਰਤੋਂ ਕਰਦਾ ਹੈ। ਕਿਸਾਨ ਗੌਤਮ ਗੋਰੀਲਾ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਪਣੇ ਖੇਤ ਵਿੱਚ ਹੀ ਦਬਾਉਣ ਜਾਂ ਪਰਾਲੀ ਦੀਆਂ ਗੱਠਾਂ ਬਣ ਕੇ ਬਿਜਲੀ ਤਿਆਰ ਕਰਨ ਵਾਲੀਆਂ ਮਿੱਲਾਂ ਨੂੰ ਪਰਾਲੀ ਦੇਣ। ਅਜਿਹਾ ਕਰਨ ਨਾਲ ਉਨ੍ਹਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਮਿੱਤਰ ਕੀੜਿਆਂ ਦਾ ਜਾਨੀ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ।
ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰਾਜਿੰਦਰ ਕੰਬੋਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਤ ਹੁੰਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਤੀ ਟਨ ਪਰਾਲੀ ਪਿਛੇ ਮਿਟੀ ਵਿਚ ਨਾਈਟਰੋਜਨ ਸਾਢੇ 5 ਕਿਲੋ, ਫਾਸਫੋਰਸ 2.3 ਕਿਲੋ, ਜੈਵਿਕ ਅਰਬਨ 400 ਕਿਲੋ ਅਤੇ ਸਲਫਰ 1.2 ਅਤੇ 50 ਤੋਂ 70 ਫੀਸਦੀ ਖੁਰਾਕੀ ਤੱਤ ਖਰਾਬ ਹੋ ਜਾਂਦੇ ਹਨ। ਇਸ ਦੇ ਨਾਲ-ਨਾਲ 70 ਫੀਸਦੀ ਕਾਰਬਨਆਕਸਾਈਡ, 7 ਫੀਸਦੀ ਕਾਰਬਨ ਮੋਨੋ ਆਕਸਾਈਡ, ਸਲਫਰ ਆਕਸਾਈਡ, 2.09 ਫੀਸਦੀ ਨਾਈਟਰੀਕ ਆਕਸਾਈਡ ਅਤੇ 0.66 ਮੈਥੀਲੀਨ ਆਦਿ ਜਹਿਰੀਲੀਆਂ ਗੈਸਾ ਪੈਦਾ ਹੰਦੀਆਂ ਹਨ, ਜੋ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਜਿਸ ਨਾਲ ਮਨੁੱਖਾਂ ਅਤੇ ਜੀਵ ਜੰਤੂਆਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ।