ਬਰਨਾਲਾ, 29 ਮਾਰਚ
ਡਾ ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ ਬਰਨਾਲਾ ਦੀ ਅਗਵਾਈ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਹਿਲ ਕਲਾਂ ਵੱਲੋਂ ਪਿੰਡ ਛਾਪਾ ਵਿਖੇ ਹੈਪੀਸੀਡਰ ਵਿਧੀ ਨਾਲ ਬਿਜਾਈ ਗਈ ਕਣਕ ਦੀ ਫਸਲ ਸੰਬੰਧੀ ਕਿਸਾਨ ਅਮਰੀਕ ਸਿੰਘ ਦੇ ਖੇਤ ਵਿੱਚ ਚੱਲ ਰਹੇ ਫਾਰਮ ਫੀਲਡ ਸਕੂਲ ਦੀ ਕਲਾਸ ਲਗਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਫਾਰਮ ਫੀਲਡ ਸਕੂਲ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤ ਵਿੱਚ ਹੀ ਪ੍ਰਤੱਖ ਤਜਰਬਾ ਦਿਖਾਉਣਾ ਹੈ। ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਨਾਲ ਹੈਪੀਸੀਡਰ ਨਾਲ ਬੀਜੀ ਕਣਕ ਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ। ਕਿਸਾਨ ਅਮਰੀਕ ਸਿੰਘ ਦੀ ਫਸਲ ਬਹੁਤ ਵਧੀਆ ਖੜੀ ਹੈ। ਉਹਨਾਂ ਹੋਰਨਾ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾ ਕੇ ਹੈਪੀਸੀਡਰ ਨਾਲ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਣਕ ਦੀ ਫਸਲ ਅਤੇ ਮੂੰਗੀ ਸੰਬੰਧੀ ਜਾਣਕਾਰੀ ਦਿੱਤੀ। ਕਿਸਾਨਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਘਰ ਲਈ ਦਾਲਾਂ, ਸਬਜੀਆਂ, ਸਰੋਂ ਜ਼ਰੂਰ ਬੀਜਣ ਤਾਂ ਜੋ ਆਪ ਖੁਦ ਕਾਸ਼ਤ ਕੀਤੇ ਗਏ ਬਿਨਾਂ ਚੇਮਿਕਾਲ ਦੇ ਫਲ ਅਤੇ ਸਬਜ਼ੀਆਂ ਨਾਲ ਨਰੋਈ ਸਿਹਤ ਬਣਾਈ ਜਾ ਸਕੇ ।
ਡਾ ਅਮਨਦੀਪ ਕੌਰ ਸਹਾਇਕ ਪ੍ਰੋਫੈਸਰ, ਫਾਰਮ ਸਲਾਹਕਾਰ ਕੇਂਦਰ, ਬਰਨਾਲਾ ਨੇ ਕਣਕ ਦੀ ਫਸਲ ਤੇ ਨਦੀਨਾਂ, ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਅਤੇ ਰੋਕਥਾਮ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਸ੍ਰੀ ਸਨਵਿੰਦਰਪਾਲ ਸਿੰਘ ਨੇ ਫਸਲਾਂ ਦੀ ਕਾਸਤ ਸੰਬੰਧੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਆਪਣੇ ਘਰ ਦਾ ਬੀਜ ਸੋਧ ਕੇ ਸਾਂਭ ਕੇ ਸਟੋਰ ਕਰਨ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਅਗਲੇ ਸਾਲ ਬਿਜਾਈ ਲਈ ਬੀਜ ਉੱਪਰ ਹੋਣ ਵਾਲੇ ਖਰਚ ਤੋਂ ਬਚਾਇਆ ਜਾ ਸਕੇ।
ਸ੍ਰੀ ਯਾਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਖੇਤੀ ਮਸ਼ੀਨਰੀ ਦਾ ਸੁੱਚਜਾ ਉਪਯੋਗ ਕਰਨ ਸੰਬੰਧੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸ਼ਿਫਾਰਸ਼ਾਂ ਮੰਨਣ ਦੀ ਅਪੀਲ ਕੀਤੀ। ਸ੍ਰੀ ਹਰਪਾਲ ਸਿੰਘ ਏ ਐਸ ਆਈ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਅਗਾਂਊ ਤਿਆਰੀ ਬਾਰੇ ਜਾਣਕਾਰੀ ਦਿੱਤੀ। ਸ੍ਰੀ ਕੁਲਵੀਰ ਸਿੰਘ ਏ ਟੀ ਐਮ ਨੇ ਜ਼ਿਲ੍ਹੇ ਵਿੱਚ ਕਿਸਾਨਾਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਕਲਾਸ ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਸੰਬੰਧੀ ਪੀ ਏ ਯੂ ਦੀਆਂ ਸਿਫਾਰਸ਼ ਕੀਤੀਆਂ ਸਪਰੇਆਂ ਇਸਤੇਮਾਲ ਕਰਨ ਦੀ ਅਪੀਲ ਕੀਤੀ ਗਈ।