-ਡੀ.ਸੀ. ਸੰਦੀਪ ਹੰਸ ਦੀ ਪ੍ਰਧਾਨਗੀ ਹੇਠ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਈ ਬੈਠਕ
-ਲੇਖ ਅਤੇ ਪੇਂਟਿੰਗ ਮੁਕਾਬਲਿਆਂ ਦਾ ਵੀ ਹੋਵੇਗਾ ਆਯੋਜਨ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
ਪਟਿਆਲਾ, 12 ਅਕਤੂਬਰ 2021
ਜ਼ਿਲ੍ਹੇ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ 13 ਅਤੇ 14 ਅਕਤੂਬਰ ਨੂੰ ਸਵੱਛਤਾ ਅਤੇ ਕੋਵਿਡ ਟੀਕਾਕਰਣ ਉੱਤੇ ਦੋ ਦਿਨਾ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਜਾਵੇਗਾ। ਮੰਗਲਵਾਰ ਨੂੰ ਅਭਿਆਨ ਦੇ ਸਫਲ ਆਯੋਜਨ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਡੀ.ਸੀ. ਸੰਦੀਪ ਹੰਸ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦਾ ਟੀਚਾ ਲੋਕਾਂ ਅੰਦਰ ਸਾਫ਼-ਸਫ਼ਾਈ ਅਤੇ ਕੋਵਿਡ ਟੀਕਾਕਰਣ ਵਰਗੇ ਵਿਸ਼ਿਆਂ ਉੱਤੇ ਜਾਗਰੂਕਤਾ ਲਿਆਉਣਾ ਹੈ।
ਹੋਰ ਪੜ੍ਹੋ :-ਐਸਸੀ ਪਰਿਵਾਰ ਦੀ ਕੁੱਟਮਾਰ ਤੇ ਨੈਸ਼ਨਲ ਐਸਸੀ ਕਮਿਸ਼ਨ ਵੱਲੋਂ ਤਰਨਤਾਰਨ ਪ੍ਰਸ਼ਾਸਨ ਨੂੰ ਨੋਟਿਸ
ਇਸ ਜਾਗਰੂਕਤਾ ਮੁਹਿੰਮ ਦੇ ਤਹਿਤ 13 ਅਕਤੂਬਰ ਨੂੰ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸਕੂਲ ਵਿੱਚ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਸਵੱਛ ਭਾਰਤ ਹੋਵੇਗਾ। ਇਨ੍ਹਾਂ ਮੁਕਾਬਲਿਆਂ ਦੇ ਜ਼ਰੀਏ ਵਿਦਿਆਰਥੀ ਆਪਣੇ ਹੁਨਰ ਦਾ ਇਸਤੇਮਾਲ ਕਰਦਿਆਂ ਸਵੱਛਤਾ ਅਤੇ ਕੋਵਿਡ ਟੀਕਾਕਰਣ ਬਾਰੇ ਜਾਗਰੂਕਤਾ ਦਾ ਸੁਨੇਹਾ ਦੇਣਗੇ। ਇਸਦੇ ਨਾਲ ਇਕ ਸਹੁੰ ਚੁੱਕ ਸਮਾਗਮ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਅਪਣੇ ਚਾਰ ਚੁਫੇਰੇ ਸਣੇ ਪੂਰੇ ਦੇਸ਼ ਨੂੰ ਸਾਫ ਰੱਖਣ ਦੀ ਸਹੁੰ ਚੁਕਾਈ ਜਾਵੇਗੀ।
ਇਸ ਮੌਕੇ ਫੀਲਡ ਆਊਟਰੀਚ ਬਿਊਰੋ, ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ 14 ਅਕਤੂਬਰ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਸਣੇ ਐਨ.ਸੀ.ਸੀ., ਐਨ.ਵਾਈ.ਕੇ.ਐੱਸ. ਤੇ ਹੋਰਨਾਂ ਸੰਸਥਾਵਾਂ ਨਾਲ ਮਿਲਕੇ ਜ਼ਿਲ੍ਹੇ ਵਿੱਚ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿਦਿਆਰਥੀਆਂ ਤੇ ਹੋਰਨਾਂ ਪ੍ਰਤੀਭਾਗੀਆਂ ਦੀ ਹੌਂਸਲਾ ਅਫਜ਼ਾਈ ਲਈ ਵੱਖੋ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਬੈਠਕ ਵਿੱਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਅਵਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਡੀ.ਆਈ.ਓ. ਵੀਨਾ ਗੋਇਲ, ਪ੍ਰੋਫੈਸਰ ਜਤਿੰਦਰ ਕੁਮਾਰ ਤੋਂ ਇਲਾਵਾ ਐਨ.ਸੀ.ਸੀ. ਅਤੇ ਨਹਿਰੂ ਯੂਵਾ ਕੇਂਦਰ ਸੰਗਠਨ ਦੇ ਅਧਿਕਾਰੀ ਵੀ ਮੌਜੂਦ ਰਹੇ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਸਵੱਛਤਾ ਤੇ ਕੋਵਿਡ ਟੀਕਾਕਰਣ ਮੁਹਿੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ।