ਸੁਝਾਅ ਪ੍ਰਾਪਤੀ ਲਈ ਸੁਝਾਅ ਬੌਕਸ ਵੀ ਕਰਵਾਇਆ ਜਾਵੇਗਾ ਉਪਲੱਬਧ
ਬਰਨਾਲਾ, 28 ਸਤੰਬਰ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀਆਂ ਬਿਹਤਰੀਨ ਬਣਾਉਣ ਲਈ ਮਾਪੇ ਅਧਿਆਪਕ ਮਿਲਣੀਆਂ ਜਰੀਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਲਗਾਤਾਰ ਰਾਬਤਾ ਬਣਾਇਆ ਜਾ ਰਿਹਾ ਹੈ। ਸਤੰਬਰ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਨਵੰਬਰ ਮਹੀਨੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣ ਦੇ ਮਨੋਰਥ ਨਾਲ 29 ਅਤੇ 30 ਸਤੰਬਰ ਨੂੰ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ 29 ਅਤੇ 30 ਸਤੰਬਰ ਨੂੰ ਦੋ ਰੋਜ਼ਾ ਮਾਪੇ ਅਧਿਆਪਕ ਮਿਲਣੀ ਕਰਵਾਈ ਜਾਵੇਗੀ। ਇਸ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਉਨਾਂ ਦੇ ਬੱਚਿਆਂ ਦੀ ਸਤੰਬਰ ਪ੍ਰੀਖਿਆ ਦੇ ਬਿਹਤਰ ਅਤੇ ਕਮਜ਼ੋਰ ਪੱਖਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਦੌਰਾਨ ਮਾਪਿਆਂ ਦੇ ਨਾਲ ਨਾਲ ਪੰਚਾਇਤੀ ਨੁਮਾਇੰਦਿਆਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਮਾਜ ਦੀਆਂ ਹੋਰ ਮੋਹਤਬਰ ਸਖਸ਼ੀਅਤਾਂ ਨਾਲ ਵੀ ਸਕੂਲ ਬਿਹਤਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਹਰ ਸਕੂਲ ਵੱਲੋਂ ਮਾਪਿਆਂ ਅਤੇ ਮੋਹਤਬਰ ਸ਼ਖ਼ਸੀਅਤਾਂ ਦੇ ਸੁਝਾਅ ਪ੍ਰਾਪਤ ਕਰਨ ਲਈ ਇੱਕ ਸੁਝਾਅ ਬਾਕਸ ਵੀ ਉਪਲਬਧ ਕਰਵਾਇਆ ਜਾਵੇਗਾ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ 12 ਨਵੰਬਰ ਨੂੰ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇਖਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਸਰਵੇਖਣ ਦੀ ਅਹਿਮੀਅਤ ਤੋਂ ਮਾਪਿਆਂ ਨੂੰ ਜਾਣੂ ਕਰਵਾਉਂਦਿਆਂ ਬੱਚਿਆਂ ਨੂੰ ਇਸ ਦੀ ਤਿਆਰੀ ਬਾਰੇ ਪ੍ਰੇਰਿਤ ਕਰਨ ਲਈ ਕਿਹਾ ਜਾਵੇਗਾ। ਵਿਭਾਗ ਵੱਲੋਂ ਇਸ ਸਰਵੇਖਣ ਦੀ ਕਰਵਾਈ ਜਾ ਰਹੀ ਤਿਆਰੀ ਬਾਰੇ ਵੀ ਮਾਪਿਆਂ ਅਤੇ ਮੋਹਤਬਰ ਸ਼ਖ਼ਸੀਅਤਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਪੜੋ ਪੰਜਾਬ ਪ੍ਰਾਜੈਕਟ ਅਧੀਨ ਕੰਮ ਕਰਦੇ ਜ਼ਿਲਾ ਅਤੇ ਬਲਾਕ ਮੈਂਟਰ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਸਹਿਯੋਗ ਕਰਨਗੇ।
ਕੈਪਸ਼ਨ: ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ
ਕੈਪਸ਼ਨ: ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ