ਨਸ਼ਾ ਤਸਕਰਾਂ ਦੀ ਐਸ.ਟੀ.ਐਫ ਵੱਲੋਂ ਤਿਆਰ ਰਿਪੋਰਟ ਜਨਤਕ ਕੀਤੀ ਜਾਵੇ-ਹਰਪਾਲ ਸਿੰਘ ਚੀਮਾ
ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਤੋਂ ਬਿਨਾ ਜਨਤਕ ਨਹੀਂ ਹੋਵੇਗੀ ਰਿਪੋਰਟ
ਚੰਡੀਗੜ੍ਹ, 24 ਜੁਲਾਈ 2021
ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਕੋਲੋਂ ਨਸ਼ਾ ਤਸਕਰੀ ਨਾਲ ਸੰਬੰਧਿਤ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਡਰੱਗ ਮਾਫ਼ੀਆ ਨਾਲ ਜੁੜੀਆਂ ਵੱਡੀਆਂ ਮੱਛੀਆਂ ਦੇ ਅਧਿਕਾਰਤ ਤੌਰ ‘ਤੇ ਨਾਮ ਜੱਗ-ਜ਼ਾਹਿਰ ਹੋ ਸਕਣ।
ਸ਼ਨੀਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸੱਤਾਧਾਰੀ ਕਾਂਗਰਸ ਦੇ ਨਵਨਿਯੁਕਤ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦਿਆਂ ਪੁੱਛਿਆ ਕਿ ਡਰੱਗ ਸਰਗਨਿਆਂ ਅਤੇ ਸਰਕਾਰ ਦੀ ਮਿਲੀਭੁਗਤ ਕਾਰਨ ਐਸਟੀਐਫ ਦੀ ਸੀਲਬੰਦ ਰਿਪੋਰਟ 1 ਫਰਵਰੀ 2018 ਤੋਂ ਮਾਨਯੋਗ ਹਾਈਕੋਰਟ ‘ਚ ਧੂੜ ਫੱਕ ਰਹੀ ਹੈ, ਕਿਸੇ ਅਧਿਕਾਰਿਤ ਅਥਾਰਿਟੀ ਨੇ ਇਸ ਰਿਪੋਰਟ ਦੀ ਸੀਲ ਖੁਲ੍ਹਵਾਉਣ ਦੀ ਪ੍ਰਸ਼ਾਸਨਿਕ ਅਤੇ ਕਾਨੂੰਨੀ ਪੱਧਰ ‘ਤੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ, ਉਲਟਾ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਦਾ ਸਾਰਾ ਜ਼ੋਰ ਇਸ ਗੱਲ ‘ਤੇ ਲੱਗਿਆ ਹੋਇਆ ਹੈ ਕਿ ਇਸ ਨੂੰ ਹਰ ਹੀਲੇ ਠੰਢੇ ਬਸਤੇ ‘ਚ ਹੀ ਰੱਖਿਆ ਜਾਵੇ, ਤਾਂ ਕਿ 2022 ਦੀਆਂ ਚੋਣਾਂ ਲੰਘ ਜਾਣ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿੰਨਾ ਚਿਰ ਪੰਜਾਬ ਦਾ ਐਡਵੋਕੇਟ ਜਨਰਲ ਅਤੁੱਲ ਨੰਦਾ ਏ.ਜੀ ਦਫ਼ਤਰ ‘ਚ ਰਹੇਗਾ, ਉਨ੍ਹਾਂ ਚਿਰ ਨਾ ਐਸਟੀਐਫ ਦੀ ਰਿਪੋਰਟ ਜਨਤਕ ਹੋਵੇਗੀ ਅਤੇ ਨ ਹੀ ਪੰਜਾਬ ਸਰਕਾਰ ਕੋਈ ਵੱਕਾਰੀ ਕੇਸ ਜਿੱਤ ਸਕੇਗੀ। ਇਸ ਲਈ ਅਸੀਂ ਨਵਨਿਯੁਕਤ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕੋਲੋਂ ਮੰਗ ਕਰਦੇ ਹਾਂ ਕਿ ਉਹ 2 ਹਫ਼ਤਿਆਂ ਦੇ ਅੰਦਰ-ਅੰਦਰ ਐਸਟੀਐਫ ਦੀ ਰਿਪੋਰਟ ਜਨਤਕ ਕਰਾਉਣ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ।
ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ”ਸਿੱਧੂ ਸਾਹਬ ਹੁਣ ਤੁਸੀਂ ਸੱਤਾਧਾਰੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹੋ। ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ-ਸੰਤਰੀ ਤੁਹਾਡੇ ਅਧੀਨ ਹਨ। ਹੁਣ ਤੁਹਾਡੇ ਕੋਲ ਇਹ ਬਹਾਨਾ ਨਹੀਂ ਬਚਿਆ ਕਿ ਤੁਹਾਡੇ ਹੱਥ ਕੋਈ ਤਾਕਤ ਨਹੀਂ। ਇਸ ਲਈ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕਾਂ-ਵਜ਼ੀਰਾਂ ਦੀ ਤਤਕਾਲ ਬੈਠਕ ਬੁਲਾਓ ਅਤੇ ਸਰਕਾਰ ਨੂੰ ਏ.ਜੀ ਅਤੁੱਲ ਨੰਦਾ ਨੂੰ ਬਰਖ਼ਾਸਤ ਅਤੇ ਐਸ.ਟੀ.ਐਫ ਦੀ ਰਿਪੋਰਟ ਜਨਤਕ ਕਰਾਓ। ਨਾ ਕੇਵਲ ਅਸੀਂ (ਆਪ) ਸਗੋਂ ਪੰਜਾਬ ਦੀ ਜਨਤਾ ਨੇ ਅਜਿਹੇ ਸਾਰੇ ਮੁੱਦਿਆਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਦਿਨ ਗਿਣਨੇ ਸ਼ੁਰੂ ਕਰ ਦਿੱਤੇ ਹਨ।”