ਗੁਜਰਾਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬੀਜੇਪੀ ਅਤੇ ਸੁਨੀਲ ਜਾਖੜ ਨੂੰ ਘੇਰਿਆ

Neel Garg
Aam Aadmi Party cornered BJP and Sunil Jakhar after the video of gangster Lawrence Bishnoi surfaced from Gujarat jail

‘ਆਪ’ ਬੁਲਾਰਾ ਨੀਲ ਗਰਗ ਨੇ ਪੁੱਛਿਆ – ਕੀ ਹਰ ਗੱਲਬਾਤ ‘ਚ ਪੰਜਾਬ ਨੂੰ ਬਦਨਾਮ ਕਰਨ ਵਾਲੇ ਸੁਨੀਲ ਜਾਖੜ ਇਸ ਮਾਮਲੇ ‘ਤੇ ਆਪਣੀ ਪਾਰਟੀ ਦੀ ਗੁਜਰਾਤ ਸਰਕਾਰ ‘ਤੇ ਚੁੱਕਣਗੇ ਸਵਾਲ?

ਕਿਹਾ- ਜੇਕਰ ਸੁਨੀਲ ਜਾਖੜ ਗੈਂਗਸਟਰਵਾਦ ਨੂੰ ਲੈ ਕੇ ਸੱਚਮੁੱਚ ਗੰਭੀਰ ਹਨ ਤਾਂ ਉਨ੍ਹਾਂ ਨੂੰ ਇਸ ਮਾਮਲੇ ‘ਤੇ ਆਪਣੇ ਹੀ ਗੁਜਰਾਤ ਦੇ ਮੁੱਖ ਮੰਤਰੀ ਤੋਂ ਸਵਾਲ ਕਰਨੇ ਚਾਹੀਦੇ ਹਨ

ਚੰਡੀਗੜ੍ਹ, 18 ਜੂਨ 2024

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਜੇਲ੍ਹ ‘ਚੋਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ‘ਤੇ ਤਿੱਖੇ ਹਮਲੇ ਕੀਤੇ ਹਨ।

ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਇਸ ਮਾਮਲੇ ‘ਤੇ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਕੀ ਜਾਖੜ ਜੋ ਅਕਸਰ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਕਰਦੇ ਹਨ, ਕੀ ਇਸ ਮਾਮਲੇ ‘ਤੇ ਆਪਣੀ ਪਾਰਟੀ ਦੀ ਗੁਜਰਾਤ ਸਰਕਾਰ ਨੂੰ ਸਵਾਲ ਕਰਨਗੇ?

ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਜੇਲ੍ਹ ਤੋਂ ਆਪਣਾ ਗਿਰੋਹ ਚਲਾ ਰਿਹਾ ਹੈ। ਜੋ ਕਿ ਇਸ ਵੀਡੀਓ ਤੋਂ ਸਾਬਤ ਹੋ ਗਿਆ ਹੈ। ਜੇਕਰ ਸੁਨੀਲ ਜਾਖੜ ਸੱਚਮੁੱਚ ਹੀ ਗੈਂਗਸਟਰਵਾਦ ਨੂੰ ਲੈ ਕੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਇਸ ਮਾਮਲੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਸਵਾਲ ਕਰਨੇ ਚਾਹੀਦੇ ਹਨ।  ਉਨ੍ਹਾਂ ਨੂੰ ਗੁਜਰਾਤ ਦੇ ਮੁੱਖ ਮੰਤਰੀ ਤੋਂ ਇਹ ਵੀ ਪੁੱਛਣਾ ਚਾਹੀਦਾ ਹੈ, ਕਿ ਉੱਥੋਂ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਤਸਕਰੀ ਪੰਜਾਬ ਵਿੱਚ ਕਿਉਂ ਹੋ ਰਹੀ ਹੈ?

ਗਰਗ ਨੇ ਕਿਹਾ ਕਿ ਭਾਜਪਾ ਆਗੂ ਅਤੇ ਖ਼ਾਸ ਕਰਕੇ ਸੁਨੀਲ ਜਾਖੜ ਹਮੇਸ਼ਾ ਹੀ ਪੰਜਾਬ ਵਿਰੋਧੀ ਬਿਆਨ ਦਿੰਦੇ ਰਹਿੰਦੇ ਹਨ। ਉਹ ਕਦੇ ਨਸ਼ਿਆਂ ਦੇ ਨਾਂਅ ‘ਤੇ, ਕਦੇ ਕਾਨੂੰਨ ਵਿਵਸਥਾ ਦੇ ਨਾਂਅ ‘ਤੇ ਅਤੇ ਕਦੇ ਗੈਂਗਸਟਰਵਾਦ ਦੇ ਨਾਂਅ ‘ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਪੰਜਾਬ ਪੂਰੇ ਦੇਸ਼ ਵਿਚ ਸਭ ਤੋਂ ਮਾੜਾ ਸੂਬਾ ਹੋਵੇ। ਇਹ ਲੋਕ ਪੰਜਾਬ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਜਦੋਂ ਕਿ ਸਚਾਈ ਇਹ ਹੈ ਕਿ ਅਮਨ-ਕਾਨੂੰਨ ਦੇ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਆਲੇ-ਦੁਆਲੇ ਦੇ ਰਾਜਾਂ ਨਾਲੋਂ ਕਿਤੇ ਬਿਹਤਰ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ‘ਚ ਵੀ ਇਹ ਗੱਲ ਸਾਹਮਣੇ ਆਈ ਹੈ।

ਇਹ ਮਾਮਲਾ ਉਦੋਂ ਵਿਵਾਦਾਂ ਵਿੱਚ ਘਿਰ ਗਿਆ, ਜਦੋਂ ਲਾਰੈਂਸ ਬਿਸ਼ਨੋਈ ਦੀ ਨਵੀਂ ਵੀਡੀਓ ਕਾਲ ਦੀ ਇੱਕ ਕਲਿੱਪ ਸਾਹਮਣੇ ਆਈ। ਜਿਸ ਵਿੱਚ ਉਹ ਵੀਡੀਓ ਕਾਲ ‘ਤੇ ਕਿਸੇ ਨੂੰ ਈਦ ਦੀ ਵਧਾਈ ਦੇ ਰਿਹਾ ਸੀ। ਫ਼ਿਲਹਾਲ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ‘ਚ ਬੰਦ ਹੈ। ਇਸ ਲਈ ਗੁਜਰਾਤ ਦੀ ਭਾਜਪਾ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

Spread the love