ਭਾਰਤੀ ਜਨਤਾ ਪਾਰਟੀ ਦੀ ਕਿਸਾਨ ਵਿਰੋਧੀ, ਔਰਤਾਂ ਵਿਰੋਧੀ ਅਤੇ ਜਨ ਵਿਰੋਧੀ ਸੋਚ ਦਾ ਜੁਆਬ ਆਮ ਲੋਕ ਜ਼ਰੂਰ ਦੇਣਗੇ: ਅਨਮੋੋਲ ਗਗਨ ਮਾਨ
‘ਆਪ’ ਔਰਤਾਂ ਅਤੇ ਕਿਸਾਨਾਂ ਦੀ ਆਵਾਜ਼ ਲਗਾਤਾਰ ਬੁਲੰਦ ਕਰਦੀ ਰਹੇਗੀ: ਰਾਜਵਿੰਦਰ ਕੌਰ ਥਿਆੜਾ
-ਪੁਲੀਸ ਨੇ 50 ਤੋਂ ਵੱਧ ਮਹਿਲਾ ਕਾਰਕੁਨਾਂ ਨੂੰ ਹਿਰਾਸਤ ਚ ਲਿਆ, ਪੁਲਿਸ ਕਾਰਵਾਈ ਵਿੱਚ ਦਰਜਨਾਂ ਹੋਈਆਂ ਜ਼ਖ਼ਮੀ
ਚੰਡੀਗੜ੍ਹ, 29 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਵੱਲੋਂ ਪੰਜਾਬ ਸਮੇਤ ਦੇਸ਼ ’ਚ ਔਰਤਾਂ ਅਤੇ ਕਿਸਾਨਾਂ ਖਿਲਾਫ਼ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਭੱਦੀ ਸ਼ਬਦਾਵਲੀ ਅਤੇ ਹਮਲੇ ਕਰਨ ਵਿਰੁਧ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਸੂਬਾ ਦਫ਼ਤਰ ਦਾ ਘਿਰਾਓ ਕੀਤਾ ਗਿਆ। ਮਹਿਲਾਂ ਵਰਕਰਾਂ ਨੇ ਨਰਿੰਦਰ ਮੋਦੀ, ਅਮਿਤ ਸ਼ਾਹ, ਮਨੋਹਰ ਲਾਲ ਅਤੇ ਭਾਜਪਾ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜੀ ਕੀਤੀ, ਜਦੋਂ ਕਿ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਦਫ਼ਤਰ ਜਾਣ ਤੋਂ ਰੋਕਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।
ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਦਾ ਘਿਰਾਓ ਕਰਨ ਲਈ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀਆਂ ਬੀਬੀਆਂ ਚੰਡੀਗੜ੍ਹ ਦੇ ਸੈਕਟਰ 37 ਵਿੱਚ ਇੱਕਠੀਆਂ ਹੋਈਆਂ ਅਤੇ ਉਨ੍ਹਾਂ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਭਾਜਪਾ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ।
ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਦੇ ਕਾਰਨ ਭਾਰਤੀ ਜਨਤਾ ਪਾਰਟੀਆਂ ਦੇ ਵਰਕਰ ਗੁੰਡਿਆਂ ਦਾ ਰੂਪ ਧਾਰ ਚੁੱਕੇ ਹਨ। ਭਾਜਪਾ ਦੇ ਇਹ ਗੁੰਡੇ ਪੰਜਾਬ ਸਮੇਤ ਦੇਸ਼ ਭਰ ’ਚ ਔਰਤਾਂ ਨਾਲ ਬਦਸਲੂਕੀ ਕਰਦੇ ਹਨ ਅਤੇ ਔਰਤਾਂ ’ਤੇ ਜਿਸਮਾਨੀ ਹਮਲੇ ਕਰਦੇ ਹਨ। ਸੂਬਾ ਸਰਕਾਰਾਂ ਇਨ੍ਹਾਂ ਗੁੰਡਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀਆਂ ਹਨ।
ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਸੱਤਾ ਦੇ ਹੰਕਾਰ ’ਚ ਭਾਜਪਾ ਦੇ ਗੁੰਡੇ ਦੇਸ਼ ਦੀਆਂ ਸੁਚੱਜੀਆਂ ਕਦਰਾਂ ਕੀਮਤਾਂ ਭੁੱਲ ਚੁੱਕੇ ਹਨ। ਸੱਤਾਧਾਰੀਆਂ ਦੀ ਪੁਲੀਸ ਵੀ ਔਰਤਾਂ ਤੇ ਕਿਸਾਨਾਂ ’ਤੇ ਅੱਤਿਆਚਾਰ ਕਰਨ ਨੂੰ ਆਪਣੀ ਪ੍ਰਾਪਤੀ ਸਮਝਣ ਲੱਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਜ਼ਿੰਮੇਵਾਰ ਪੁਲੀਸ ਗੁੰਡਿਆਂ ਦਾ ਸਾਥ ਦੇ ਰਹੀ ਹੈ ਅਤੇ ਸੂਬਾਈ ਅਤੇ ਕੇਂਦਰੀ ਮਹਿਲਾ ਕਮਿਸ਼ਨ ਔਰਤਾਂ ਦੇ ਮਾਮਲਿਆਂ ’ਤੇ ਚੁੱਪਧਾਰੀ ਬੈਠੇ ਹਨ।
ਭਾਜਪਾ ਦੇ ਦਫ਼ਤਰ ਵੱਲ ਜਾ ਰਹੀਆਂ ਮਹਿਲਾ ਵਰਕਰਾਂ ਨੂੰ ਚੰਡੀਗੜ੍ਹ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੀਆਂ ਰੋਕਾਂ ਨੂੰ ਤੋੜਦੀਆਂ ਹੋਈਆਂ ਅੱਗੇ ਵਧਦੀਆਂ ਗਈਆਂ। ਪੁਲੀਸ ਨੇ ਉਨ੍ਹਾਂ ’ਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਅਤੇ ਲਾਠੀਚਾਰਜ ਕੀਤਾ। ਪੁਲੀਸ ਵੱਲੋਂ ਕੀਤੇ ਲਾਠਚਾਰਜ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਸੱਟਾਂ ਲੱਗੀਆਂ।
ਇਸ ਰੋਸ ਪ੍ਰਦਰਸ਼ਨ ’ਚ ਪ੍ਰੀਤੀ ਮਲਹੋਤਰਾ, ਸੁਖਵਿੰਦਰ ਗਹਲੋਤ, ਡਾ. ਅਮਨਦੀਪ ਕੌਰ, ਵੀਰਪਾਲ ਕੌਰ ਚਹਿਲ, ਪ੍ਰੀਤੀ ਸਨੌਰ, ਰਜਿੰਦਰਪਾਲ ਛੀਨਾ, ਨਵਜੋਤ ਕੌਰ ਜੋਤੀ, ਸੋਨਾਲੀ ਪੰਡਿਤ, ਬਲਵਿੰਦਰ ਕੌਰ ਧਨੌੜਾ, ਪਰਮਜਸਪਾਲ ਮਾਨ, ਪਲਵਿੰਦਰ ਕੌਰ, ਸੰਤੋਸ਼ ਕਟਾਰੀਆ,ਤੇਜੀ ਸੰਧੂ, ਕਸ਼ਮੀਰ ਕੌਰ, ਕਮਲਜੀਤ ਕੌਰ, ਸਿੰਪਲ ਨਾਇਰ, ਰੁਪਿੰਕਰ ਕੌਰ, ਰੇਖਾ ਰਾਣੀ, ਵੀਰਪਾਲ ਕੌਰ, ਜਸਵੰਤ ਕੌਰ, ਊਸ਼ਾ ਰਾਣੀ, ਬਲਜਿੰਦਰ ਕੌਰ ਤੁੰਗਵਾਲੀ, ਸਵਰਨਜੀਤ ਕੌਰ ਬਲਟਾਣਾ, ਮਾਸਟਰ ਡੀਨ, ਮਨਦੀਪ ਕੌਰ, ਟੀਨਾ ਚੌਧਰੀ ਆਦਿ ਆਗੂ ਵੀ ਸ਼ਾਮਲ ਸਨ।