ਆਮ ਆਦਮੀ ਪਾਰਟੀ ਸਿੱਖਿਆ ਵਿਭਾਗ ਦਾ ਦੁਰਪਯੋਗ ਕਰਕੇ 18 ਸਾਲ ਦੇ ਨਵੇਂ ਵੋਟਰਾਂ ਦੀ ਸੋਚ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰ ਰਹੀ ਹੈ
ਚੰਡੀਗੜ੍ਹ, 10 ਮਾਰਚ 2025
ਸਿੱਖਿਆ ਵਿਭਾਗ ਦਾ ਦੁਰਪਯੋਗ ਕਰਕੇ 18 ਸਾਲ ਦੇ ਜਾਂ 18 ਸਾਲ ਦੇ ਹੋਣ ਵਾਲੇ ਨਵੇਂ ਵੋਟਰਾਂ ਦੀ ਸੋਚ ਨੂੰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਲੀਡਰਸ਼ਿਪ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਸੂਬਾ ਮੀਡੀਆ ਮੁੱਖੀ ਵਿਨੀਤ ਜੋਸ਼ੀ ਦੇ ਹਨ।
ਪੰਜਾਬ ਵਿੱਚ 13 ਲੋਕ ਸਭਾ ਦੀਆਂ ਸੀਟਾਂ ਵਿੱਚੋਂ 10 ‘ਤੇ ਚੋਣ ਹਾਰਣ ਤੋਂ ਬਾਅਦ, ਪੰਚਾਇਤ ਚੋਣਾਂ ਵਿੱਚ ਚੋਂਣ ਨਿਸ਼ਾਨ ‘ਤੇ ਉਮੀਦਵਾਰ ਖੜੇ ਕਰਨ ਤੋਂ ਭੱਜੀ ਆਮ ਆਦਮੀ ਪਾਰਟੀ ਨੂੰ ਕੁਝ ਦਿਨ ਪਹਿਲਾਂ ਹੋਏ ਮਿਉਸੀਪਲ ਕਾਰਪੋਰੇਸ਼ਨ ਅਤੇ ਮਿਉਂਸੀਪਲਟੀਆਂ ਦੀ ਚੋਣਾਂ ਵਿੱਚ ਪਟਿਆਲਾ ਸ਼ਹਿਰ ਨੂੰ ਛੱਡ ਕੇ ਹਰ ਜਗ੍ਹਾ ਬੁਰੀ ਤਰ੍ਹਾਂ ਹਾਰ ਮਿਲੀ। ਰਹਿ ਗਈ ਕਸਰ ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਉਸਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਰ ਨੇ ਕੱਢ ਦਿੱਤੀ। ਇਨ੍ਹਾਂ ਸਾਰੀਆਂ ਹਾਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਸਿੱਖਿਆ ਵਿਭਾਗ ਰਾਹੀਂ ਨਵੇਂ ਵੋਟਰਾਂ ਦੀ ਸੋਚ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ।
ਚੰਡੀਗੜ੍ਹ ਵਿੱਚ ਸੂਬਾ ਬੁਲਾਰੇ ਪ੍ਰੀਤਪਾਲ ਬੱਲੀਆਵਾਲ ਅਤੇ ਚੇਤਨ ਜੋਸ਼ੀ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਜੋਸ਼ੀ ਨੇ ਦੱਸਿਆ ਕਿ 4 ਮਾਰਚ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਕਲਾਸ ਦੀ ਪ੍ਰੀਖਿਆ ਵਿੱਚ ਰਾਜਨੀਤਿਕ ਸ਼ਾਸਤਰ ਦੇ ਪੇਪਰ ਵਿੱਚ ਆਮ ਆਦਮੀ ਪਾਰਟੀ ਦੀ ਸਥਾਪਨਾ ਬਾਰੇ ਸਵਾਲ ਪੁੱਛੇ ਗਏ। ਪੇਪਰ ਦੇ ਪਹਿਲੇ ਭਾਗ ਵਿੱਚ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ?
ਇਸੇ ਤਰ੍ਹਾਂ ਪੇਪਰ ਦੇ ਦੂਜੇ ਭਾਗ ਵਿੱਚ ਸਵਾਲ ਪੁੱਛਿਆ ਗਿਆ ਹੈ – ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਕ੍ਰਮਾਂ ਦਾ ਵਰਣਨ ਕਰੋ?
ਜੋਸ਼ੀ ਨੇ ਕਿਹਾ ਕਿ ਜੋ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਉਸ ਵਿੱਚੋਂ ਹੀ ਪ੍ਰਸ਼ਨ ਪੁੱਛੇ ਜਾਂਦੇ ਹਨ, ਇਸਦਾ ਮਤਲਬ ਹੈ ਕਿ ਜੇਕਰ ਪ੍ਰਸ਼ਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਕ੍ਰਮਾਂ ਦਾ ਵਰਣਨ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਹ ਜਰੂਰ ਸਾਲ ਭਰ ਪੜ੍ਹਾਇਆ ਗਿਆ ਹੋਵੇਗਾ। ਫਿਰ ਅਸੀਂ ਇਸ ਨੂੰ 18 ਸਾਲ ਦੇ ਜਾਂ 18 ਸਾਲ ਦੇ ਹੋਣ ਵਾਲੇ ਨਵੇਂ ਵੋਟਰਾਂ ਦੀ ਸੋਚ ਨੂੰ 2027 ਵਿੱਚ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਉਂ ਨਾ ਮੰਨੀਏ?
ਉਹਨਾਂ ਨੇ ਕਿਹਾ ਕਿ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਕੀ ਦੇਸ਼ ਦੀ ਅਜਿਹੀ ਵਿਸ਼ੇਸ਼ ਰਾਜਨੀਤਿਕ ਪਾਰਟੀ ਹੈ ਜਿਸਦੇ ਬਾਰੇ ਬੱਚਿਆਂ ਨੂੰ ਜਾਣਨਾ ਚਾਹੀਦਾ ਹੈ? ਜਦ ਕਿ ਪੰਜਾਬ ਵਿੱਚ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਮੌਜੂਦ ਹੈ। ਦੇਸ਼ ‘ਤੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੀ ਕਾਂਗਰਸ ਵੀ ਹੈ ਅਤੇ ਪਿਛਲੇ 11 ਸਾਲਾਂ ਤੋਂ ਕੇਂਦਰ ਵਿੱਚ ਅਤੇ ਸਭ ਤੋਂ ਜਿਆਦਾ ਸੂਬਿਆਂ ਵਿੱਚ ਸਰਕਾਰਾਂ ਚਲਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਭਾਰਤੀ ਜਨਤਾ ਪਾਰਟੀ ਵੀ ਹੈ। ਹੋਰ ਕਿਸੇ ਵੀ ਪਾਰਟੀ ਬਾਰੇ ਕਿਸੇ ਵੀ ਤਰ੍ਹਾਂ ਦਾ ਸਵਾਲ ਨਹੀਂ ਪੁੱਛਿਆ ਗਿਆ। ਅਸੀਂ ਆਮ ਆਦਮੀ ਪਾਰਟੀ ਦੁਆਰਾ ਪੰਜਾਬ ਦੇ ਸਿੱਖਿਆ ਪ੍ਰਣਾਲੀ ਵਿੱਚ ਰਾਜਨੀਤਿਕ ਦਖਲਅੰਦਾਜੀ ਦੀ ਨਿੰਦਾ ਕਰਦੇ ਹਾਂ।