
-ਆਪ ਸ਼ੁਰੂ ਤੋਂ ਕਿਸਾਨਾਂ ਨਾਲ ਸੇਵਾਦਾਰ ਬਣ ਕੇ ਖੜ੍ਹੀ ਅਤੇ ਭਵਿੱਖ ਵਿੱਚ ਵੀ ਖਡ਼੍ਹੀ ਰਹੇਗੀ-ਰਾਘਵ ਚੱਢਾ
-ਮੋਦੀ ਨੀਂਦ ਚੋਂ ਜਾਗਣ ਅਤੇ ਕਾਲੇ ਕਾਨੂੰਨ ਵਾਪਸ ਲੈਣ-ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ, 25 ਸਤੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਹੈ ਕਿ ‘ਆਪ’ ਦੇ ਆਗੂ ਅਤੇ ਵਰਕਰ ਬਿਨ੍ਹਾਂ ਪਾਰਟੀ ਦੇ ਝੰਡੇ ਅਤੇ ਨਿਸ਼ਾਨ ਤੋਂ ਕਿਸਾਨਾਂ ਦੇ ਨਾਲ ਸੜਕਾਂ ’ਤੇ ਉਤਰਨਗੇ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਅਤੇ ਪੰਜਾਬ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਤੇ ਕਾਲੇ ਕਾਨੂੰਨ ਨੂੰ ਨਾ ਸਿਰਫ਼ ਕਿਸਾਨੀ ਬਲਕਿ ਹਰ ਵਰਗ ਲਈ ਮਾਰੂ ਹਨ ਇਸ ਲਈ ਇਨ੍ਹਾਂ ਦਾ ਰੱਦ ਹੋਣਾ ਅਤੀ ਜ਼ਰੂਰੀ ਹੈ।
ਹੋਰ ਪੜ੍ਹੋ :-ਰਾਜ ਵਿੱਚੋਂ ਬੇਰੁਜਗਾਰੀ ਨੂੰ ਕਰਾਂਗੇ ਖਤਮ-ਸੋਨੀ
ਆਪ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਅੰਦੋਲਨ ਨੂੰ ਅੱਜ ਲਗਪਗ ਇੱਕ ਸਾਲ ਪੂਰਾ ਹੋ ਗਿਆ ਹੈ ਤੇ ਇਸ ਅੰਦੋਲਨ ਦੇ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਕੇਂਦਰ ਵਿੱਚ ਬੈਠੀ ਜ਼ਾਲਮ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂੰ ਨਹੀਂ ਸਰਕੀ ਹੈ ਅਤੇ ਉਹ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਗੌਰ ਨਹੀਂ ਕਰ ਰਹੀ। ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਉੱਤੇ ਵਰ੍ਹਦਿਆਂ ਆਪ ਆਗੂਆਂ ਨੇ ਕਿਹਾ ਕਿ ਉਹ ਉਨ੍ਹਾਂ ਨੇ ਇਕ ਬੇਸ਼ਰਮੀ ਵਾਲੀ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਆਪਣੀ ਜ਼ਮੀਰ ਨੂੰ ਮਾਰ ਲਿਆ ਹੈ।
ਆਪ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਦਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਕਿਸਾਨ ਸੰਘਰਸ਼ ਦੇ ਦੌਰਾਨ ਸੇਵਾਦਾਰ ਬਣ ਕੇ ਸੇਵਾ ਕਰਦੀ ਰਹੀ ਹੈ। ਇਸ ਵਿੱਚ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਬਾਰੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਆਨ ਬਾਨ ਅਤੇ ਸ਼ਾਨ ਹਨ ਅਤੇ ਇਨ੍ਹਾਂ ਦਾ ਅਪਮਾਨ ਬਿਲਕੁਲ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨਾਂ ਨਾਲ ਗੱਲ ਕਰੇ ਤੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ ਤਾਂ ਕਿ ਕਿਸਾਨ ਆਪਣੇ ਘਰ ਵਾਪਸ ਆ ਸਕਣ।