ਭ੍ਰਿਸ਼ਟਾਚਾਰੀ ਮੰਤਰੀ ਨੇ ਗਊਸ਼ਾਲਾ ਦੇ ਨਾਂ ‘ਤੇ ਹੜੱਪੀ ਕਰੋੜਾਂ ਦੀ ਜ਼ਮੀਨ: ਗੋਬਿੰਦਰ ਮਿੱਤਲ/ਮਲਵਿੰਦਰ ਸਿੰਘ ਕੰਗ
ਮੋਹਾਲੀ, 7 ਅਗਸਤ 2021
‘ਜੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਗਊਆਂ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਸਨ ਤਾਂ ਪਹਿਲਾਂ ਤੋਂ ਹੀ ਚੱਲ ਰਹੇ ਸਰਕਾਰੀ ਗਊਸ਼ਾਲਾ ਦਾ ਨਵੀਨੀਕਰਨ ਕਰਦੇ, ਪਰ ਉਨਾਂ ਦੀ ਇੱਛਾਂ ਤਾਂ ਕਰੋੜਾਂ ਰੁਪਏ ਦੀ ਜ਼ਮੀਨ ਹੜੱਪਣ ਦੀ ਹੈ।’ ਇਹ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਮੋਹਾਲੀ ਦੇ ਅਹੁੱਦੇਦਾਰਾਂ ਨੇ ਐਲਾਨ ਕੀਤਾ 13 ਅਗਸਤ ਨੂੰ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ।
ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਦਿਆਂ ਪਾਰਟੀ ਦੇ ਬੁਲਾਰੇ ਜ਼ਿਲਾ ਪ੍ਰਧਾਨ ਗੋਬਿੰਦਰ ਮਿੱਤਲ ਅਤੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੋਹਾਲੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਊਸ਼ਾਲਾ ਪੁੰਨ ਦੇ ਨਾਂ ‘ਤੇ ਬਲੌਗੀ ਪਿੰਡ ਦੀ ਕਰੋੜਾਂ ਰੁਪਏ ਦੀ ਪੰਚਾਇਤੀ ਜ਼ਮੀਨ ਹੜੱਪੀ ਹੈ । ਉਨਾਂ ਕਿਹਾ ਕਿ ਪੰਚਾਇਤ ਤੋਂ ਜ਼ਮੀਨ ਲੈਣ ਲਈ ਸਿਹਤ ਮੰਤਰੀ ਵੱਲੋਂ ਬਣਾਏ ਟਰੱਸ਼ਟ ਵਿੱਚ ਆਪਣੇ ਹੀ ਪਰਿਵਾਰ, ਭਰਾ ਮੇਅਰ ਜੀਤੀ ਸਿੱਧੂ ਦੇ ਪੀ.ਏ ਅਤੇ ਕਰੀਬੀਆਂ ਨੂੰ ਮੈਂਬਰ ਬਣਾਇਆ ਗਿਆ ਹੈ। ਕੰਗ ਨੇ ਕਿਹਾ ਕਿ ਕੇਵਲ 25 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਰਕਮ ਦੇ ਕੇ ਬਲੌਗੀ ਪੰਚਾਇਤ ਦੀ ਆਮਦਨ ਬਣਾਉਣ ਦਾ ਡਰਾਮਾ ਕੀਤਾ ਗਿਆ ਹੈ। ਜ਼ਿਲਾ ਪ੍ਰਧਾਨ ਗੋਬਿੰਦਰ ਮਿੱਤਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜੇ ਗਊਸ਼ਾਲਾ ਦੀ ਸੇਵਾ ਦਾ ਹੀ ਕੰਮ ਕਰਨਾ ਸੀ, ਬਲਬੀਰ ਸਿੱਧੂ ਮੋਹਾਲੀ ਵਿੱਚ ਪਹਿਲਾਂ ਤੋਂ ਹੀ ਮੌਜ਼ੂਦ ਸਰਕਾਰੀ ਗਊਸ਼ਾਲਾ ਵਿੱਚ ਹੋਰ ਵਿਕਾਸਮਈ ਕੰਮ ਕਰਦੇ, ਪਰ ਉਨਾਂ ਵੱਖਰੀ ਗਊਸ਼ਾਲਾ ਬਣਾ ਕੇ ਆਪਣੀ ਨਿੱਜੀ ਜਾਇਦਾਦ ਬਣਾਈ ਹੈ।
ਆਗੂਆਂ ਨੇ ਕਿਹਾ ਕਿ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਜ਼ਮੀਨ ਮਾਫ਼ੀਆ ਬਣ ਕੇ ਪੰਚਾਇਤੀ ਅਤੇ ਸ਼ਾਮਲਾਤ ਜਾਇਦਾਦਾਂ ‘ਤੇ ਕੀਤੇ ਜਾ ਰਹੇ ਕਬਜਿਆਂ ਖ਼ਿਲਾਫ਼ 13 ਅਗਸਤ ਨੂੰ ਮੋਹਾਲੀ ਵਿਖੇ ਰੋਸ਼ ਪ੍ਰਰਦਸ਼ਨ ਕਰਕੇ ਪੁੱਤਲਾ ਫੂਕਿਆ ਜਾਵੇਗਾ। ਇਸ ਸਮੇਂ ਜ਼ਿਲਾ ਸਕੱਤਰ ਪ੍ਰਭਜੋਤ ਕੌਰ, ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਵਨੀਤ ਵਰਮਾ, ਜੁਆਇੰਟ ਸਕੱਤਰ ਪੰਜਾਬ ਡਾ. ਸੰਨੀ ਆਹਲੂਵਾਲੀਆ ਅਤੇ ਗੁਰਮੇਜ ਸਿੰਘ ਕਾਹਲੋਂ ਹਾਜ਼ਰ ਸਨ।