ਕਾਂਗਰਸ ਆਪਣੇ 9 ਨੁਕਤਿਆਂ ਤੋਂ ਬਾਅਦ ਹੁਣ 18 ਨੁਕਤਿਆਂ ਦਾ ਇੱਕ ਹੋਰ ਜੁਮਲਾ ਲੈ ਕੇ ਲੋਕਾਂ ਕੋਲ ਆਈ : ਮੀਤ ਹੇਅਰ
ਕਾਂਗਰਸ ਪਾਰਟੀ ਪੰਜਾਬ ਵਿੱਚ ਤੀਲਾ ਤੀਲਾ ਹੋਈ
ਚੰਡੀਗੜ੍ਹ, 24 ਜੂਨ 20251
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਬਾਰੇ ਜੋ ਉਨ੍ਹਾਂ ਦੀ ਪਾਰਟੀ ਲੰਮੇ ਸਮੇਂ ਤੋਂ ਕਹਿੰਦੀ ਆ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਫੇਲ ਮੁੱਖ ਮੰਤਰੀ ਹਨ ਅਤੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ। ਇਸ ਬਿਆਨ ਦੀ ਪ੍ਰੋੜਤਾ ਕਰਦਿਆਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫੇਲ੍ਹ ਮੁੱਖ ਮੰਤਰੀ ਕਰਾਰ ਦੇ ਦਿੱਤਾ ਹੈ ਅਤੇ ਨਿਰਧਾਰਤ ਸਮੇਂ ਵਿੱਚ ਵਾਅਦੇ ਪੂਰੇ ਕਰਨ ਦਾ ਹੁਕਮ ਦਿੱਤਾ ਹੈ।
ਵੀਰਵਾਰ ਨੂੰ ਪਾਰਟੀ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਿਕੰਮੀ ਅਤੇ ਫੇਲ ਸਾਬਤ ਹੋਈ ਹੈ। ਇਸ ਲਈ ਕਾਂਗਰਸ ਸਰਕਾਰ ਅਤੇ ਪਾਰਟੀ ਵਿੱਚ ਖਾਨਾਜੰਗੀ ਚੱਲ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਅਤੇ ਆਗੂਆਂ ਨੂੰ ਹੁਣ ਮੂੰਹ ਨਹੀਂ ਲਾ ਰਹੇ।
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਪ੍ਰੰਤੂ ਚੋਣਾਂ ਤੋਂ ਬਾਅਦ ਕੈਪਟਨ ਆਪਣੇ ਹਰ ਵਾਅਦੇ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਚੋਣਾਂ ਤੋਂ ਪਹਿਲਾਂ ਬਣਾਏ 8 ਨੁਕਾਤੀ ਪ੍ਰੋਗਰਾਮ ਵਿੱਚ ਫੇਲ੍ਹ ਹੋਣ ‘ਤੇ ਹੁਣ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ 18 ਨੁਕਾਤੀ ਪ੍ਰੋਗਰਾਮ ‘ਤੇ ਕੰਮ ਕਰਨ ਦੇ ਹੁਕਮ ਦਿੱਤੇ ਹਨ। ਸੰਧਵਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੁਆਰਾ ਕੈਪਟਨ ਅਮਰਿੰਦਰ ਸਿੰਘ ਨੂੰ 10 ਜੁਲਾਈ ਤਕ ਦੇ ਦਿੱਤੇ ਸਮੇਂ ਵਿੱਚ ਆਪਣੀ ਸਰਕਾਰ ਦੇ ਕਾਰਜਾਂ ਦੀ ਸੂਚੀ ਜਾਰੀ ਕਰਨ ਦੇ ਅਲਟੀਮੇਟਮ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਕਹੀ ਜਾਣ ਵਾਲੀ ਗਲ ਕਿ ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ, ਉਤੇ ਮੋਹਰ ਲੱਗੀ ਹੈ।
ਵਿਧਾਇਕ ਸੰਧਵਾਂ ਨੇ ਦੋਸ ਲਾਇਆ ਕਿ ਪੰਜਾਬ ਕਾਂਗਰਸ ਨੇ ਕਿਸਾਨ ਅੰਦੋਲਨ ਤੋਂ ਲੈ ਕੇ ਕੋਰੋਨਾ ਕਾਲ ਵਿੱਚ ਵੀ ਪੰਜਾਬ ਵਾਸੀਆਂ ਨੂੰ ਲਾਵਾਰਸ ਛੱਡਿਆ ਦਿੱਤਾ ਅਤੇ ਸਰਕਾਰ ਵੱਲੋਂ ਨਿਭਾਈ ਜਾਣ ਵਾਲੀ ਹਰ ਡਿਊਟੀ ਤੋਂ ਕਿਨਾਰਾ ਕੀਤਾ ਹੈ। ਅਕਾਲੀ ਸਰਕਾਰ ਦੀ ਤਰ੍ਹਾਂ ਹੀ ਨਸ਼ਾ, ਬੇਰੁਜਗਾਰੀ, ਮਾਫ਼ੀਆ ਸਮੇਤ ਸਾਰੇ ਮੁੱਦਿਆਂ ‘ਤੇ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ। ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ, ਵਜੀਫਾ ਘੁਟਾਲੇ ਜਿਹੇ ਅਹਿਮ ਮਾਮਲਿਆਂ ਵਿੱਚ ਪੰਜਾਬ ਵਾਸੀਆਂ ਨੂੰ ਕੋਈ ਇਨਸਾਫ ਨਹੀਂ ਦਿੱਤਾ। ਸੰਧਵਾਂ ਨੇ ਦੋਸ ਲਾਇਆ ਕਿ ਕਾਂਗਰਸ ਹਾਈਕਮਾਂਡ ਵੱਲੋਂ ਦਿੱਤੇ 18 ਸੂਤਰੀ ਪ੍ਰੋਗਰਾਮ ਅਸਲ ਵਿਚ ਕਾਂਗਰਸ ਦੇ ਨਵੇਂ 18 ਚੋਣ ਜੁਮਲੇ ਹਨ, ਜੋ ਚੋਣਾਂ ਨੇੜੇ ਦੇਖਦਿਆਂ ਕਾਂਗਰਸ ਵੱਲੋਂ ਬਣਾਏ ਗਏ ਹਨ। ਪ੍ਰੰਤੂ ਇਸ ਵਾਰ ਪੰਜਾਬ ਦੇ ਲੋਕ ਕਾਂਗਰਸ ਦੇ ਇਨਾਂ ਝੂਠ ਦੇ ਪੁਲੰਦਿਆਂ ਉੱਤੇ ਕੋਈ ਵਿਸ਼ਵਾਸ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਤੀਲਾ ਤੀਲਾ ਹੋ ਚੁੱਕੀ ਹੈ ਅਤੇ ਦੇਸ਼ ਦੇ ਬਾਕੀ ਸੂਬਿਆਂ ਵਾਂਗੂੰ ਕਾਂਗਰਸ ਪਾਰਟੀ ਪੰਜਾਬ ਵਿੱਚੋਂ ਵੀ ਲੁਪਤ ਹੋ ਜਾਵੇਗੀ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਅਨੇਕਾਂ ਮੁਸ਼ਕਲਾਂ ਵਿੱਚ ਘਿਰੇ ਹੋਏ ਹਨ, ਪ੍ਰੰਤੂ ਕਾਂਗਰਸੀ ਆਗੂ ਕੁਰਸੀ ਦੀ ਲੜਾਈ ਲੜ ਰਹੇ ਹਨ ਅਤੇ ਇਕ ਦੂਸਰੇ ਨੂੰ ਠਿੱਬੀ ਲਾ ਕੇ ਖੁਦ ਸੱਤਾ ਹਥਿਆਉਣ ਵਿੱਚ ਮਸ਼ਰੂਫ਼ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਖੁਦ ਕਹਿ ਰਹੇ ਹਨ ਕਿ ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਪੰਜਾਬ ਸਰਕਾਰ ਚਲਾ ਰਹੇ ਹਨ ਅਤੇ ਹਰ ਪ੍ਰਕਾਰ ਦਾ ਮਾਫੀਆ ਉਸੇ ਤਰ੍ਹਾਂ ਹੀ ਕਾਰਜ ਕਰ ਰਿਹਾ ਹੈ। ਮੀਤ ਹੇਅਰ ਨੇ ਦੋਸ ਲਾਇਆ ਕਿ ਪੰਜਾਬ ਕਿਸੇ ਸਮੇਂ ਦੇਸ਼ ਦਾ ਮੋਹਰੀ ਸੂਬਾ ਹੁੰਦਾ ਸੀ, ਪਰ ਅੱਜ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਇਸ ਦਾ ਬੁਰਾ ਹਾਲ ਕਰ ਦਿੱਤਾ ਹੈ। ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ, ਅਧਿਆਪਕ, ਮੁਲਾਜਮ, ਕਿਸਾਨ ਅਤੇ ਵਿਦਿਆਰਥੀ ਆਪਣੇ ਹੱਕਾਂ ਲਈ ਸੰਘਰਸ ਕਰ ਰਹੇ ਹਨ, ਪਰ ਕਾਂਗਰਸ ਪਾਰਟੀ ਦੇ ਆਗੂ ਮਾਫੀਆ ਰਾਜ ਰਾਹੀਂ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ।