ਡਿਪਟੀ ਕਮਿਸ਼ਨਰ ਵੱਲੋਂ ਥੋੜੇ ਸਮੇਂ ਵਿੱਚ ਹੀ ਸਮੁੱਚੇ 37 ਪਿੰਡਾਂ ਨੂੰ ਕਵਰ ਕਰਨ ਲਈ ਸਿਹਤ ਟੀਮਾਂ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ
ਜਲੰਧਰ, 15 ਜੁਲਾਈ 2021
ਕੁਝ ਹੀ ਦਿਨਾਂ ਵਿੱਚ 350 ਵਿਸ਼ੇਸ਼ ਲੋੜਾਂ ਵਾਲੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੋਵਿਡ-19 ਵੈਕਸੀਨ ਦੀ ਖੁਰਾਕ ਪ੍ਰਦਾਨ ਕਰਕੇ ਆਦਮਪੁਰ ਹੈਲਥ ਬਲਾਕ ਟੀਕਾਕਰਨ ਮੁਹਿੰਮ ਤਹਿਤ ਸੌ ਫੀਸਦੀ ਦਿਵਿਆਂਗ ਲਾਭਪਾਤਰੀਆਂ ਨੂੰ ਕਵਰ ਕਰਨ ਵਾਲਾ ਜ਼ਿਲ੍ਹੇ ਦਾ ਪਹਿਲਾ ਹੈਲਥ ਬਲਾਕ ਬਣ ਗਿਆ ਹੈ।
ਆਦਮਪੁਰ ਬਲਾਕ ਵਿੱਚ ਸਿਹਤ ਟੀਮਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਘਨਸਿਆਮ ਥੋਰੀ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਟੀਕਾਕਰਨ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇੱਛੁਕ ਦਿਵਿਆਂਗ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੀ ਖੁਰਾਕ ਪ੍ਰਦਾਨ ਕਰਨ ਲਈ ਸਮੁੱਚੇ ਹੈਲਥ ਬਲਾਕਾਂ ਵਿਚ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਵੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦਾ ਲਾਭ ਮਿਲ ਸਕੇ।
ਐਸ.ਐਮ.ਓ. ਆਦਮਪੁਰ ਡਾ. ਰੀਮਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੀ ਟੀਮ ਦੀ ਸਖ਼ਤ ਮਿਹਨਤ ਨਾਲ ਸਮੁੱਚੇ ਇਛੁੱਕ ਲਾਭਪਾਤਰੀਆਂ ਦਾ ਸੌ ਫੀਸਦੀ ਟੀਕਾਕਰਨ ਕੀਤਾ ਜਾ ਸਕਿਆ ਹੈ ।ਉਨ੍ਹਾਂ ਕਿਹਾ, “ਅਸੀਂ ਹਰੇਕ ਲਾਭਪਾਤਰੀ ਤੱਕ ਪਹੁੰਚਣ ਲਈ ਟੀਕਾਕਰਨ ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਸਨ ਅਤੇ ਕੁਝ ਦਿਨਾਂ ਦੇ ਅੰਦਰ ਸਮੁੱਚੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਬਾਅਦ ਵਿੱਚ ਟੀਕਾਕਰਨ ਕੀਤਾ ਗਿਆ।” ਐਸ.ਐਮ.ਓ. ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਤੋਂ ਪਹਿਲਾਂ ਸਮੁੱਚੇ 37 ਪਿੰਡਾਂ ਵਿਚ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਕ ਸਰਵੇਖਣ ਵੀ ਕੀਤਾ ਗਿਆ । ਉਨ੍ਹਾਂ ਕਿਹਾ ਗਿਆ ਕਿ ਟੀਮਾਂ ਵੱਲੋਂ ਨਾ ਸਿਰਫ਼ ਵੈਕਸੀਨ ਦੀਆਂ ਖੁਰਾਕਾਂ ਪ੍ਰਦਾਨ ਕੀਤੀਆਂ ਗਈਆਂ ਸਗੋਂ ਪਿੰਡ ਦੇ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ।
ਡਾ. ਰੀਮਾ ਨੇ ਅੱਗੇ ਦੱਸਿਆ ਕਿ ਟੀਮਾਂ ਵੱਲੋਂ ਉਨ੍ਹਾਂ ਲਾਭਪਾਤਰੀਆਂ ਨੂੰ ਉਤਸ਼ਾਹਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਪਹਿਲਾਂ ਖੁਰਾਕ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਵੀ ਲਾਭ ਪਹੁੰਚਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਂਸ਼ੂ ਜੈਨ ਨੇ ਕਿਹਾ ਕਿ ਅਜਿਹੇ ਸਮੂਹ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਟੀਕਾਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਟੀਕਾਕਰਨ ਮੁਹਿੰਮ ਜ਼ਿਲ੍ਹੇ ਵਿਚ ਜਾਰੀ ਹੈ।