ਪੁੱਛਿਆ, ਨਿੱਜੀ ਥਰਮਲ ਪਲਾਂਟ ਨੂੰ ਵਿਦੇਸ਼ੀ ਕੋਲੇ ਦੇ ਮੁੱਦੇ ‘ਤੇ ਕਿਉਂ ਚੁੱਪ ਹਨ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੰਘ ਸਿੱਧੂ?
ਨਿੱਜੀ ਥਰਮਲ ਪਲਾਂਟਾਂ ਵਾਂਗ ਚਿੱਟਾ ਹਾਥੀ ਬਣਿਆ ਐਡਵੋਕੇਟ ਜਰਨਲ ਦਾ ਦਫਤਰ, ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੁੱਲ ਨੰਦਾ : ਆਪ
ਚੰਡੀਗੜ੍ਹ, 9 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ,’ਜਦੋਂ ਤੱਕ ਸੂਬਾ ਸਰਕਾਰ ਵੱਲੋਂ ਮਾਰੂ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਨਿੱਜੀ ਬਿਜਲੀ ਕੰਪਨੀਆਂ ਪੰਜਾਬ ਦੇ ਖਜਾਨੇ ਅਤੇ ਲੋਕਾਂ ਨੂੰ ਲੁੱਟਦੀਆਂ ਰਹਿਣਗੀਆਂ।’ ‘ਆਪ’ ਨੇ ਦੋਸ ਲਗਾਇਆ ਕਿ ‘ਵਿਦੇਸ਼ੀ ਕੋਲਾ ਮਾਮਲੇ’ ਵਿੱਚ ਪ੍ਰਾਈਵੇਟ ਥਰਮਲ ਪਲਾਂਟ ਨੂੰ 550 ਕਰੋੜ ਰੁਪਏ ਦੀ ਅਦਾਇਗੀ ਦਾ ਹੁਕਮ ਸਰਕਾਰ ਦੀ ਨਾਲਾਇਕੀ ਅਤੇ ਇੱਕਪਾਸੜ ਬਿਜਲੀ ਸਮਝੌਤਿਆਂ ਦਾ ਹੀ ਨਤੀਜਾ ਹੈ।ਸੋਮਵਾਰ ਨੂੰ ਪਾਰਟੀ ਦਫਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਪਿਛਲੀ ਬਾਦਲ ਸਰਕਾਰ ਨੇ ਮੋਟੀ ਦਲਾਲੀ ਲੈ ਕੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਪੰਜਾਬ ਮਾਰੂ ਬਿਜਲੀ ਸਮਝੌਤੇ ਕੀਤੇ ਸਨ, ਜਿਸ ਕਾਰਨ ਪੰਜਾਬ ਦੇ ਲੋਕਾਂ ਦੀਆਂ ਜੇਬਾਂ ‘ਤੇ ਖਰਬਾਂ (5500 ਕਰੋੜ ਤੋ ਵੱਧ) ਦਾ ਬੇਲੋੜਾ ਵਿੱਤੀ ਬੋਝ ਪੈ ਚੁੱਕਾ ਹੈ ਅਤੇ ਹੁਣ 550 ਕਰੋੜ ਰੁਪਏ ਹੋਰ ਲੁੱਟੇ ਜਾ ਰਹੇ ਹਨ।
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਇਹ ਬਿਜਲੀ ਸਮਝੌਤੇ ਰੱਦ ਕਰਨ ਦੇ ਵਾਅਦੇ ਨਾਲ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਏ, ਪਰ ਸਾਢੇ ਚਾਰ ਸਾਲ ਗੁਜਰ ਜਾਣ ਦੇ ਬਾਵਜੂਦ ‘ਪੰਜਾਬ ਮਾਰੂ ਬਿਜਲੀ ਸਮਝੌਤੇ’ ਰੱਦ ਨਹੀਂ ਕੀਤੇ, ਕਿਉਂਕਿ ਬਾਦਲਾ ਵਾਂਗ ਸੱਤਾਧਾਰੀ ਕਾਂਗਰਸੀਆਂ ਨੇ ਵੀ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਹਿੱਸਾ-ਪੱਤੀ ਬੰਨ੍ਹ ਲਈ। ਇਸ ਕਾਰਨ ਬਿਜਲੀ ਕੰਪਨੀਆਂ ਵੱਲੋਂ ਪੰਜਾਬ ਦੇ ਖਜਾਨੇ ਅਤੇ ਆਮ ਲੋਕਾਂ ਲੁੱਟਣ ਦੀ ਪ੍ਰਥਾ ਬਾ-ਦਸਤੂਰ ਜਾਰੀ ਹੈ।
ਹਰਪਾਲ ਸਿੰਘ ਚੀਮਾ ਨੇ ਦੋਸ ਲਾਇਆ ਕਿ ਬਿਜਲੀ ਸਮਝੌਤਿਆਂ ਦੀਆਂ ਪੰਜਾਬ ਵਿਰੋਧੀ ਸ਼ਰਤਾਂ ਅਤੇ ਐਡਵੋਕੇਟ ਜਨਰਲ ਦਫ਼ਤਰ ਵੱਲੋਂ ਜਾਣ-ਬੁੱਝ ਕੇ ਕਮਜੋਰ ਤਰੀਕੇ ਨਾਲ ਲੜੇ ਜਾਣ ਵਾਲੇ ਕਾਨੂੰਨੀ ਕੇਸਾਂ ਵਿੱਚ ਪ੍ਰਾਈਵੇਟ ਬਿਜਲੀ ਕੰਪਨੀਆਂ ਲਗਾਤਾਰ ਜਿੱਤ ਦੀ ਆ ਰਹੀਆਂ ਹਨ ਅਤੇ ਪੰਜਾਬ ਲਗਾਤਾਰ ਹਾਰਦਾ ਆ ਰਿਹਾ। ਕੇਂਦਰੀ ਟ੍ਰਿਬਿਊਨਲ ਦਾ ਤਾਜਾ ਫ਼ੈਸਲਾ ਇਸੇ ਲੋਕ ਮਾਰੂ ਕੜੀ ਦਾ ਹਿੱਸਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਚੀਮਾ ਨੇ ਦੱਸਿਆ ਕਿ ਕੇਂਦਰੀ ਟ੍ਰਿਬਿਊਨਲ ਨੇ ਵਿਦੇਸ਼ੀ ਕੋਲਾ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਲੋਕਾਂ ਨੂੰ ਝਟਕਾ ਦਿੰਦੇ ਹੋਏ ਪਾਵਰ ਕੌਮ ਨੂੰ ਹੁਕਮ ਦਿੱਤੇ ਹਨ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਮਾਲਕ ਵੇਦਾਂਤਾ ਕੰਪਨੀ ਨੂੰ ਵਿਦੇਸ਼ੀ ਕੋਲੇ ਦੇ ਵਾਧੂ ਮੁੱਲ ਵਜੋਂ 472 ਕਰੋੜ ਅਤੇ ਜੁਰਮਾਨੇ ਦੇ 80 ਕਰੋੜ ਸਮੇਤ ਕੁੱਲ 550 ਕਰੋੜ ਰੁਪਏ ਦਿੱਤੇ ਜਾਣ। ਇਹ ਮੋਟੀ ਰਕਮ ਹਰ ਵਰਗ ਦੇ ਬਿਜਲੀ ਖਪਤਕਾਰ ਦੀ ਜੇਬ ਵਿਚੋਂ ਜਾਵੇਗੀ।
ਚੀਮਾ ਨੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਕਟਹਿਰੇ ਵਿਚ ਖੜੇ ਕਰਦਿਆਂ ਪੁੱਛਿਆ ਕਿ ਪੰਜਾਬ ਵਾਸੀਆਂ ‘ਤੇ 550 ਕਰੋੜ ਰੁਪਏ ਦਾ ਨਵਾਂ ਬੋਝ ਪੈ ਗਿਆ, ਪਰ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੁੱਪ ਧਾਰੀ ਬੈਠੇ ਹਨ।
ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਚੀਮਾ ਨੇ ਕਿਹਾ ਕਿ ਸੂਬਾ ਪ੍ਰਧਾਨ ਦੀ ਕੁਰਸੀ ਮਿਲਣ ਤੋਂ ਪਹਿਲਾਂ ‘ਟਵਿੱਟਰ- ਟਵਿੱਟਰ’ ਖੇਡਣ ਵਾਲੇ ਸਿੱਧੂ ਕੀ ਹੁਣ ਟਵਿੱਟਰ ਚਲਾਉਣਾ ਭੁੱਲ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਕੇਵਲ ਕੁਰਸੀ ਲੈਣ ਦਾ ਹੀ ਚਾਅ ਸੀ।
ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਸੱਤਾਧਾਰੀ ਕਾਂਗਰਸ ਦਲਾਲੀ ਛੱਡ ਕੇ ਮਾਰੂ ਬਿਜਲੀ ਸਮਝੌਤੇ ਤੁਰੰਤ ਰੱਦ ਕਰੇ ਅਤੇ ਪੰਜਾਬ ਸਰਕਾਰ ਵਿਰੁੱਧ ਜਾਂਦੇ ਸਾਰੇ ਕੇਸ ਹਾਰਨ ਵਿਚ ਨਵਾਂ ਰਿਕਾਰਡ ਬਣਾਉਣ ਵਾਲੇ ਐਡਵੋਕੇਟ ਜਨਰਲ ਅਤੁੱਲ ਨੰਦਾ ਤੁਰੰਤ ਬਰਖ਼ਾਸਤ ਕੀਤਾ ਜਾਵੇ ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਬਾਦਲਾਂ ਵਾਂਗ ਸੱਤਾਧਾਰੀ ਕਾਂਗਰਸ ਵੀ ਨਿੱਜੀ ਕੰਪਨੀਆਂ ਅੱਗੇ ਗੋਡੇ ਟੇਕ ਕੇ ਰੱਖੇਗੀ ਤਾਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮਾਰੂ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ ਅਤੇ ਪੰਜਾਬ ਅਤੇ ਪੰਜਾਬ ਦੇ ਬਿਜਲੀ ਖਪਤਕਾਰਾਂ ਦੀ ਲੁੱਟ ਨੂੰ ਬੰਦ ਕੀਤਾ ਜਾਵੇਗਾ.