ਚੋਣ ਖਰਚੇ ਸਬੰਧੀ ਖਰਚਾ ਟੀਮਾਂ, ਵੀਡੀਓ ਸਰਵੀਲੈਂਸ ਟੀਮਾਂ, ਅਕਾਊਟਿੰਗ ਟੀਮਾਂ, ਐਮ.ਸੀ.ਐਮ ਸੀ ਦੀ ਭੂਮਿਕਾ ਬਾਰੇ ਵਿਸਥਾਰ ਵਿਚ ਜਾਣਕਾਰੀ
ਗੁਰਦਾਸਪੁਰ, 11 ਦਸੰਬਰ 2021
ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਜਿਲੇ ਗੁਰਦਾਸਪੁਰ ਵਿਖੇ ਚੋਣ ਅਮਲੇ ਲਈ ਬਣਾਈਆਂ ਗਈਆਂ ਟੀਮਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਸਥਾਨਕ ਪੰਚਾਇਤ ਵਿਖੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) –ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਜ਼ਿਲੇ ਦੇ ਸੱਤ ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ, ਡੇਰਾ ਬਾਬਾ ਨਾਨਕ, ਫਤਹਿਗੜ੍ਹ ਚੂੜੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਲਈ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ।
ਹੋਰ ਪੜ੍ਹੋ :-ਪਿੱਟ ਹੈੱਡ (ਖੱਡ) ਤੇ 5.50 ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਮਿਲੇਗੀ ਰੇਤਾਂ-ਡਿਪਟੀ ਕਮਿਸ਼ਨਰ
ਇਸ ਸਿਖਲਾਈ ਪ੍ਰੋਗਰਾਮ ਵਿਚ ਪੋਲਿੰਗ ਪਾਰਟੀਆਂ ਅਤੇ ਪੋਲ ਵਾਲੇ ਦਿਨ ਦੇ ਪ੍ਰਬੰਧ, ਆਈ.ਟੀ ਐਪਲੀਕੇਸ਼ਨਾਂ ਅਤੇ ਖਰਚਾ ਮੋਨੀਟਰਿੰਗ ਟੀਮਾਂ ਨਾਲ ਸਬੰਧਤ ਚੋਣ ਅਮਲੇ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ। ਇਹ ਸਿਖਲਾਈ 17 ਅਤੇ 24 ਦਸੰਬਰ 2021 ਨੂੰ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹਰਪ੍ਰੀਤ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ, ਸ੍ਰੀਮਤੀ ਇਨਾਇਤ ਐਸ.ਡੀ.ਐਮ ਦੀਨਾਨਗਰ, ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ), ਹਰਜਿੰਦਰ ਸਿੰਘ ਸੰਧੂ ਡੀਡੀ.ਪੀ.ਓ, ਅਸ਼ੋਕ ਕੁਮਾਰ ਡਿਪਟੀ ਈ.ਐਸ.ਓ, ਮਨਜਿੰਦਰ ਸਿੰਘ ਚੋਣ ਕਾਨੂੰਗੋ ,ਹਰਜਿੰਦਰ ਸਿੰਘ ਕਲਸੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਲਖਵਿੰਦਰ ਸਿੰਘ ਡਿਪਟੀ ਡੀ.ਈ.ਓ (ਸ), ਮਦਲ ਲਾਲਾ ਜ਼ਿਲ੍ਹਾ ਸਿੱਖਿਆ ਅਫਸਰ (ਪ), ਬੀ.ਡੀਪੀਓ ਗੁਰਜੀਤ ਸਿੰਘ, ਅਮਨਦੀਪ ਕੌਰ, ਸੁਖਜੀਤ ਸਿੰਘ, ਕਰਨ ਸੋਨੀ ਡੀ.ਆਈ.ਓ, ਸੁਨੀਲ ਕੁਮਾਰ ਸਮੇਤ ਵੱਖ-ਵੱਖ ਅਧਿਕਾਰੀ ਤੇ ਕਮਰਚਾਰੀ ਮੋਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਚੋਣ ਖਰਚੇ ਸਬੰਧੀ ਖਰਚਾ ਟੀਮਾ, ਵੀਡੀਓ ਸਰਵੀਲੈਂਸ ਟੀਮਾਂ, ਅਕਾਊਟਿੰਗ ਟੀਮਾਂ ਨੂੰ ਉਨਾਂ ਦੀ ਭੂਮਿਕਾ ਨਾਲ ਬਾਰੀਕੀ ਤੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਉਨਾਂ ਸ਼ੈਡੋ ਖਰਚਾ ਰਜਿਸਟਰ ਭਰਨ, ਉੱਡਣ ਦਸਤਿਆਂ ਵਲੋਂ ਰੈਲੀਆਂ, ਜਨਤਕ ਜਲਸਿਆਂ ਮੌਕੇ ਤੱਥ ਇਕੱਤਰ ਕਰਨ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸਨਰ ਵਲੋਂ ਆਈ.ਟੀ ਨਾਲ ਸਬੰਧਿਤ ਮੋਬਾਇਲ ਐਪਲੀਕੇਸ਼ਨਾਂ ਜਿਵੇਂ ਕਿ ਸੀ-ਵਿਜ਼ਲ ਆਦਿ ਬਾਰੇ ਵੀ ਦੱਸਿਆ, ਜਿਸ ਤਹਿਤ ਪ੍ਰਾਪਤ ਹੋਈ ਸ਼ਿਕਾਇਤ ਉੱਪਰ 100 ਮਿੰਟ ਦੇ ਅੰਦਰ-ਅੰਦਰ ਕਾਰਵਾਈ ਕਰਕੇ ਨਿਪਟਾਰਾ ਕਰਨਾ ਯਕੀਨੀ ਬਣਾਉਣ ਦੀ ਵਿਵਸਥਾ ਹੈ।
ਸਿਖਲਾਈ ਦੋਰਾਨ ਉਨਾਂ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੌਨਟਰਿੰਗ ਕਮੇਟੀ ਦੇ ਕੰਮ ਕਾਜਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਉਮੀਦਵਾਰਾਂ ਲਈ ਪੋਸਟਰ, ਇਸ਼ਤਿਹਾਰ, ਸ਼ੋਸਲ ਮੀਡੀਆ ਆਦਿ ਉੱਪਰ ਪ੍ਰਚਾਰ ਸਮੱਗਰੀ ਦੀ ਪ੍ਰੀ-ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ। ਉਨਾਂ ਪੇਡ ਨਿਊਜ਼ ਸਮੇਤ ਵੱਖ-ਵੱਖ ਪਹਿਲੂਆਂ ਸਬੰਧੀ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ।