ਟੌਲ ਫ੍ਰੀ ਨੰਬਰ 1950 ’ਤੇ ਵੋਟਾਂ ਸਬੰਧੀ ਸਹਾਇਤਾ ਲਈ ਕੀਤਾ ਜਾ ਸਕਦੈ ਸੰਪਰਕ
ਸ਼ਿਕਾਇਤ ਸੈੱਲ ਦਾ 01679-244364 ਨੰਬਰ ਵੀ 24 ਘੰਟੇ ਚਾਲੂ
ਬਰਨਾਲਾ, 14 ਜਨਵਰੀ 2022
ਵਧੀਕ ਜ਼ਿਲਾ ਚੋਣ ਅਫ਼ਸਰ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨਿਰਪੱਖ, ਨਿਰਵਿਘਨ, ਸ਼ਾਂਤਮਈ ਅਤੇ ਸੁਤੰਤਰ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲਾ ਪ੍ਰਸ਼ਾਸਨ ਵਚਨਬੱਧ ਹੈ, ਜਿਸ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਕਜੁਟ ਹੋ ਕੇ ਕੰਮ ਕਰ ਰਿਹਾ ਹੈ।
ਹੋਰ ਪੜ੍ਹੋ :-73ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ‘ਚ ਵਿੱਤ ਮੰਤਰੀ ਲਹਿਰਾਉਣਗੇ ਤਿਰੰਗਾ ਝੰਡਾ
ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹਾਇਤਾ ਲਈ ਜਿੱਥੇ ਹੈਲਪਲਾਈਨ ਨੰਬਰ 1950 ਨਿਰੰਤਰ ਕੰਮ ਕਰ ਰਿਹਾ ਹੈ, ਉਥੇ ਹੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਸੀ ਵਿਜਿਲ ਐਪ ਰਾਹੀਂ ਕੀਤੀ ਜਾ ਸਕਦੀ ਹੈ, ਜਿਸ ’ਤੇ ਅਗਲੇ 100 ਮਿੰਟ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੁੰਦੀ ਹੈ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਇਹ ਬਹੁਤ ਹੀ ਪ੍ਰਭਾਵਸ਼ਾਲੀ ਐਪ ਹੈ, ਜਿਸ ਰਾਹੀਂ ਬਰਨਾਲਾ ਜ਼ਿਲੇ ’ਚ ਚੋਣ ਜ਼ਾਬਤਾ ਲੱਗਣ ਤੋਂ ਹੁਣ ਤੱਕ 15 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਇਸ ਮੌਕੇ ਸਹਾਇਕ ਨੋਡਲ ਅਫਸਰ ਸੀ ਵਿਜਿਲ ਸੰਜੈ ਸਿੰਗਲਾ ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ 15 ਸ਼ਿਕਾਇਤਾਂ ’ਚੋਂ ਸਾਰੀਆਂ ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ ਨਿਬੇੜਾ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਸ਼ਿਕਾਇਤਾਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੱਖ ਵੱਖ ਥਾਵਾਂ ’ਤੇ ਸਿਆਸੀ ਬੈਨਰਾਂ ਅਤੇ ਸਿਆਸੀ ਇਕੱਠਾਂ ਨਾਲ ਸਬੰਧਤ ਸਨ।
ਸਹਾਇਕ ਨੋਡਲ ਅਫਸਰ ਸ਼ਿਕਾਇਤ ਸੈੱਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟੌਲ ਫ੍ਰੀ ਨੰਬਰ 1950 ’ਤੇ ਵੀ ਸ਼ਿਕਾਇਤਾਂ ਉਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਿਕਾਇਤ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ, ਜੋ 24 ਘੰਟੇ ਚਾਲੂ ਹੈ, ਜਿਸ ਦਾ ਨੰਬਰ 01679-244364 ਹੈ।