ਲੁਧਿਆਣਾ, 20 ਸਤੰਬਰ 2021
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਅੱਜ ਹੁਨਰ ਵਿਕਾਸ ਕੇਂਦਰ ਵਿੱਚ ਨਵੇਂ ਸ਼ੁਰੂ ਹੋਏ ਬੈਚ ਦੇ ਸਿਖਲਾਈ ਪ੍ਰਾਪਤ ਕਰ ਰਹੇ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਮਟੀਰੀਅਲ ਕਿੱਟਾਂ ਵੰਡੀਆਂ ਗਈਆਂ, ਜਿਸ ਉਪਰੰਤ ਸਿੱਖਿਆਰਥੀਆਂ ਵੱਲੋਂ ਪ੍ਰਸ਼ਾਸ਼ਨ ਦਾ ਵੀ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਦੀ ਅਗੁਵਾਈ ਵਿੱਚ 2 ਹੁਨਰ ਵਿਕਾਸ ਕੇਂਦਰ ਚਲਾਏ ਜ਼ਾ ਰਹੇ ਹਨ ਜੋਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ, ਲੁਧਿਆਣਾ ਅਤੇ ਦਫਤਰ ਆਰ.ਸੈਟੀ, ਹੰਬੜਾ ਰੋਡ, ਲੁਧਿਆਣਾ ਵਿਖੇ ਸਥਾਪਤ ਹਨ।
ਇਨ੍ਹਾਂ ਸੈਂਟਰਾਂ ਨੂੰ ਸ਼੍ਰੀ ਅਵਤਾਰ ਸਿੰਘ, ਸਹਾਇਕ ਪ੍ਰੋਜੈਕਟਰ ਅਫਸਰ (ਮੋਨੀਟਰਿੰਗ) ਵੱਲੋਂ ਮੋਨੀਟਰ ਕੀਤਾ ਜਾਂਦਾ ਹੈ। ਇੰਨ੍ਹਾਂ ਹੁਨਰ ਵਿਕਾਸ ਕੇਂਦਰਾਂ ਵਿੱਚ ਲੋੜਵੰਦ ਪਰਿਵਾਰਾਂ ਦੇ ਸਿੱਖਿਆਰਥੀ ਹੌਜ਼ਰੀ ਇੰਡਸਟਰੀ ਵਿੱਚ ਵਰਤੀਆਂ ਜਾਂਦੀਆਂ ਮਸ਼ੀਨਾਂ ‘ਤੇ ਸਿਖਲਾਈ ਲੈ ਕੇ ਰੋਜ਼ਗਾਰ ਜਾਂ ਨੌਕਰੀ ਕਰ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ।
ਇਹ ਕੋਰਸ ਤਜ਼ਰਬੇਕਾਰ ਮਾਸਟਰ ਟ੍ਰੇਨਿਰਾਂ ਵੱਲੋਂ ਛੇ ਮਹੀਨੇ ਲਈ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਦੇ ਨਾਲ-2 ਹੌਜ਼ਰੀ ਇੰਡਸਟਰੀ ਵਿੱਚ ਵੀ ਸਮੇਂ-2 ਵਿਜ਼ਟ ਕਰਵਾਈ ਜਾਂਦੀ ਹੈ ਅਤੇ ਉਦਯੋਗਪਤੀਆਂ ਵੱਲੋਂ ਗੈਸਟ ਲੈਕਚਰ ਵੀ ਕਰਵਾਏ ਜਾਂਦੇ ਹਨ। ਜਿਸ ਨਾਲ ਕਿ ਸਿੱਖਿਆਰਥੀ ਨੂੰ ਆਪਣਾ ਭਵਿੱਖ ਤੈਅ ਕਰਨ ਵਿੱਚ ਮਦਦ ਮਿਲ ਸਕੇ।
ਹੁਣ ਤੱਕ ਇੰਨ੍ਹਾਂ ਸੈਂਟਰਾਂ ਵਿੱਚੋਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਬਹੁਤ ਸਿੱਖਿਆਰਥੀ ਹੌਜ਼ਰੀ ਇੰਡਸਟਰੀ ਵਿੱਚ ਰੋਜਗਾਰ ਪ੍ਰਾਪਤ ਕਰ ਚੁੱਕੇ ਹਨ ਅਤੇ ਕੁਝ ਵੱਲੋਂ ਆਪਣਾ ਰੋਜ਼ਗਾਰ ਵੀ ਸਥਾਪਿਤ ਕਰ ਲਿਆ ਗਿਆ ਹੈ।
ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਦੱਸਿਆ ਗਿਆ ਕਿ ਇੰਨ੍ਹਾਂ ਹੁਨਰ ਵਿਕਾਸ ਕੇਂਦਰਾਂ ਵਿੱਚ ਸਵੇਰ ਅਤੇ ਸ਼ਾਮ ਦੇ ਬੈਚ ਵਿੱਚ ਕੁੱਲ 50 ਸਿੱਖਿਆਰਥੀ ਸਿਖਲਾਈ ਪ੍ਰਾਪਤ ਕਰ ਸਕਦੇ ਹਨ, ਮੌਜੂਦਾ ਸਮੇਂ ਸਵੇਰ ਦਾ ਬੈਚ ਮੁਕੰਮਲ ਹੋ ਚੁੱਕਾ ਹੈ ਅਤੇ ਸ਼ਾਮ ਦੇ ਬੈਚ ਲਈ ਦਾਖਲਾ ਖੁੱਲਾ ਹੋਇਆ ਹੈ, ਲੋੜਵੰਦ ਸਿੱਖਿਆਰਥੀ “ਪਹਿਲਾਂ ਆਉ – ਪਹਿਲਾਂ ਪਾਉ” ਦੇ ਆਧਾਰ ‘ਤੇ ਦਾਖਲਾ ਪ੍ਰਾਪਤ ਕਰਕੇ ਆਪਣਾ ਭਵਿੱਖ ਉੱਜਵਲ ਕਰ ਸਕਦੇ ਹਨ।
ਜਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਘਰਾਂ ਲਈ ਉਮੀਦ ਦੀ ਰੌਸ਼ਨੀ ਜਗਾਉਣ ਵਿੱਚ ਵੀ ਕਾਮਯਾਬ ਹੋ ਰਿਹਾ ਹੈ, ਜ਼ੋ ਕਿ ਸ਼ਲਾਘਾਯੋਗ ਹੈ।