ਪ੍ਰਸ਼ਾਸ਼ਨ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਤਹਿਤ ਰਿਲੇਅ ਦੌੜ ਆਯੋਜਿਤ

admin Relay Race
ਪ੍ਰਸ਼ਾਸ਼ਨ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਤਹਿਤ ਰਿਲੇਅ ਦੌੜ ਆਯੋਜਿਤ

ਲੁਧਿਆਣਾ, 14 ਨਵੰਬਰ  2021

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ – 2022 ਦੌਰਾਨ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ਼ਹਿਰ ਵਿੱਚ ਅਧਿਆਪਕਾਂ, ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਅਤੇ ਸੁਪਰਵਾਈਜ਼ਰਾਂ ਦੇ ਨਾਲ ਵਿਦਿਆਰਥੀਆਂ ਦੀ ਰਿਲੇਅ ਦੌੜ ਦਾ ਆਯੋਜਨ ਕੀਤਾ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਵੱਲੋਂ ਮੋਹਾਲੀ ਵਿੱਚ ਡਿਜੀਟਲ ਸਿਹਤ ਸੰਭਾਲ ਸਹੂਲਤ ਦਾ ਉਦਘਾਟਨ

ਰਿਲੇਅ ਦੌੜ ਜੀ.ਐਮ.ਟੀ. ਸਕੂਲ, ਜਲੰਧਰ ਬਾਈਪਾਸ ਚੌਂਕ ਤੋਂ ਸ਼ੁਰੂ ਹੋ ਕੇ ਸਰਕਾਰੀ ਐਲੀਮੈਂਟਰੀ ਸਕੂਲ ਭੋਰਾ ਤੋਂ ਡੈਫੋਡਿਲਸ ਸਕੂਲ ਤੋਂ ਹੁੰਦੀ ਹੋਈ ਵਾਪਸ ਜੀ.ਐਮ.ਟੀ. ਸਕੂਲ ਵਿਖੇ ਸਮਾਪਤ ਹੋਈ। ਇਸ ਰਿਲੇਅ ਦੌੜ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਅਤੇ ਡੈਫੋਡਿਲ ਸਕੂਲ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਭਾਗ ਲਿਆ।

ਸਵੀਪ ਦੇ ਨੋਡਲ ਅਫ਼ਸਰ ਗੁਰਦੀਪ ਸਿੰਘ ਨੇ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਮਹੱਤਤਾ ਅਤੇ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਹਰੇਕ ਵੋਟ ਦਾ ਆਪਣਾ ਮਹੱਤਵ ਹੈ ਅਤੇ ਹਰੇਕ ਨਿਵਾਸੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਨਾ ਸਿਰਫ਼ ਆਪਣੀ ਵੋਟ ਪਾਉਣ ਸਗੋਂ ਦੂਜਿਆਂ ਨੂੰ ਵੀ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਦੇਸ਼ ਵਿੱਚ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਵੋਟ ਨਹੀਂ ਬਣਾਈ ਹੈ, ਉਹ 20 ਨਵੰਬਰ ਅਤੇ 21 ਨਵੰਬਰ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਭਾਗ ਲੈ ਕੇ ਆਪਣੀ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ।

ਇਸ ਮੌਕੇ ਸੁਪਰਵਾਈਜ਼ਰ ਨਰੇਸ਼ ਕੁਮਾਰ, ਸੰਨੀ ਗਰੋਵਰ, ਦੀਪਕ ਸੈਣੀ, ਮਾਸਟਰ ਟਰੇਨਰ ਸੰਜੇ ਢੀਂਗਰਾ ਅਤੇ ਕੁਲਦੀਪ ਗਰਗ ਦੇ ਨਾਲ-ਨਾਲ ਉਨ੍ਹਾਂ ਦੇ ਬੀ.ਐਲ.ਓਜ਼ ਨੇ ਵੀ ਸ਼ਮੂਲੀਅਤ ਕੀਤੀ। ਸਾਰੇ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ।

Spread the love