ਚਾਹਵਾਨ ਉਮੀਦਵਾਰ ਵੈਬਸਾਈਟ www.eduzphere.com/freegovtexams ‘ਤੇ ਕਰਵਾ ਸਕਦੇ ਹਨ ਆਪਣੀ ਰਜਿਸਟ੍ਰੇਸ਼ਨ
ਡੀ.ਸੀ. ਵੱਲੋਂ ਯੋਗ ਉਮੀਦਵਾਰਾਂ ਨੂੰ ਅਪੀਲ, ਰਜਿਸਟ੍ਰੇਸ਼ਨ ਰਾਹੀਂ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਦਾ ਲਿਆ ਜਾਵੇ ਲਾਹਾ
ਲੁਧਿਆਣਾ, 20 ਸਤੰਬਰ 2021 ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਮੰਤਵ ਨਾਲ, ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਤੇ ਕਰੋਬਾਰ’ ਮਿਸ਼ਨ ਤਹਿਤ ਮੁਫਤ ਆਨਲਾਈਨ ਕੋਚਿੰਗ ਜਲਦ ਸ਼ੁਰੂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਅਧੀਨਗੀ ਸੇਵਾ ਚੋਣ ਬੋਰਡ (ਐਸ.ਐਸ.ਐਸ.ਬੀ.), ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.), ਸਟਾਫ ਸਿਲੈਕਸ਼ਨ ਕਮਿਸ਼ਨ (ਐਸ.ਐਸ.ਸੀ.), ਪੁਲਿਸ, ਰੇਲਵੇ ਬੋਰਡ, ਪ੍ਰੋਬੇਸ਼ਨਰੀ ਅਫਸਰ ਸਮੇਤ ਸ਼ਾਮਲ ਹਨ।
ਹੋਰ ਪੜ੍ਹੋ :-ਪ੍ਰਸ਼ਾਸਨ ਵੱਲੋਂ ‘ਘਰ-ਘਰ ਰੋਜ਼ਗਾਰ ਤੇ ਕਰੋਬਾਰ’ ਮਿਸ਼ਨ ਤਹਿਤ ਮੁਫਤ ਆਨਲਾਈਨ ਕੋਚਿੰਗ ਕੀਤੀ ਜਾਵੇਗੀ ਸ਼ੁਰੂ
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਕਲੈਰੀਕਲ ਬੈਚ ਲਈ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੋਣੀ ਚਾਹੀਦੀ ਹੈ ਜਦੋਂ ਕਿ 12ਵੀਂ ਪਾਸ ਉਮੀਦਵਾਰ ਪੁਲਿਸ ਕਾਂਸਟੇਬਲ ਭਰਤੀ ਦੇ ਬੈਚ ਲਈ ਅਰਜ਼ੀ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਫਤ ਕੋਚਿੰਗ ਕਲਾਸਾਂ ਦਾ ਲਾਭ ਲੈਣ ਲਈ ਚਾਹਵਾਨਾਂ ਨੂੰ ਆਪਣੇ ਆਪ ਨੂੰ ਵੈਬਸਾਈਟ www.eduzphere.com/freegovtexams ‘ਤੇ ਰਜਿਸਟਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਗ੍ਰੈਜੂਏਟ ਇਨ੍ਹਾਂ ਕਲਾਸਾਂ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਡਰ ਗ੍ਰੈਜੂਏਟ ਕਿਸੇ ਵੀ ਕੇਂਦਰੀ/ਰਾਜ ਪ੍ਰਤੀਯੋਗੀ ਪ੍ਰੀਖਿਆ ਦੇ ਯੋਗ ਹੋਣ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਕਲਾਸਾਂ ਲਈ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰ ਬੈਚ ਲਈ ਹਰ ਰੋਜ਼ 1 ਘੰਟੇ 30 ਮਿੰਟ ਦੇ ਦੋ ਸੈਸ਼ਨ ਹਫ਼ਤੇ ਵਿੱਚ 6 ਦਿਨ ਆਯੋਜਿਤ ਕੀਤੇ ਜਾਣਗੇ।
ਸ੍ਰੀ ਸ਼ਰਮਾ ਨੇ ਕਿਹਾ ਕਿ ਮੁਫਤ ਕੋਚਿੰਗ ਸਹੂਲਤ ਨੌਜਵਾਨਾਂ ਨੂੰ ਬਹੁਤ ਵੱਡੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਰੋਜ਼ਗਾਰ ਦੀ ਸੰਭਾਵਨਾ ਨੂੰ ਵਧਾਏਗੀ। ਉਨ੍ਹਾਂ ਯੋਗ ਉਮੀਦਵਾਰਾਂ ਨੂੰ ਅੱਗੇ ਆਉਣ ਅਤੇ ਇਨ੍ਹਾਂ ਮੁਫ਼ਤ ਆਨਲਾਈਨ ਕਲਾਸਾਂ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ ਤਾਂ ਜੋ ਆਪਣੇ ਖੇਤਰ ਵਿੱਚ ਵਧੀਆ ਮੁਹਾਰਤ ਹਾਸਲ ਕੀਤੀ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਡੀ.ਬੀ.ਈ.ਈ. ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪ੍ਰੀਖਿਆ ਦੇ ਸਿਲੇਬਸ ਅਨੁਸਾਰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਪੜ੍ਹਾਉਣ ਦੇ ਸਮਰੱਥ ਵਿਸ਼ਾ ਮਾਹਿਰ ਅਧਿਆਪਕਾਂ ਦੁਆਰਾ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨਿਵੇਕਲੀ ਪਹਿਲ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਢੰਗ ਨਾਲ ਤਿਆਰ ਕਰੇਗੀ ਅਤੇ ਸਰਕਾਰੀ ਨੌਕਰੀਆਂ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਈ ਸਿੱਧ ਹੋਵੇਗੀ।
ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ ਸ੍ਰੀ ਨਵਦੀਪ ਸਿੰਘ ਨੇ ਕਿਹਾ ਕਿ ਕੋਚਿੰਗ ਇੱਕ ਆਨਲਾਈਨ ਪਲੇਟਫਾਰਮ ਰਾਹੀਂ ਮੁਹੱਈਆ ਕਰਵਾਈ ਜਾਵੇਗੀ ਜਿਸ ਦਾ ਸਿੱਧਾ ਪ੍ਰਸਾਰਣ ਪੰਜਾਬ ਭਰ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਨਿਯਮਤ ਅਭਿਆਸ ਤੋਂ ਬਾਅਦ ਮੌਕ ਟੈਸਟ, ਵੀਡੀਓ, ਨੋਟਸ ਅਤੇ ਹੋਰ ਅਧਿਐਨ ਸਮੱਗਰੀ ਵੀ ਪ੍ਰਦਾਨ ਕੀਤੀ ਜਾਵੇਗੀ।