ਲੈਪਟਾਪ ਦੀ ਖਰੀਦ ਕਰਨ ਲਈ ਹਰੇਕ ਨੂੰ ਦਿੱਤੀ ਜਾਵੇਗੀ ਵੱਧ ਤੋਂ ਵੱਧ 60,000 ਰੁਪਏ ਦੀ ਯਕਮੁਸ਼ਤ ਰਕਮ : ਡਿਪਟੀ ਕਮਿਸ਼ਨਰ
ਜਲੰਧਰ, 14 ਮਾਰਚ 2022
ਮਾਲ ਵਿਭਾਗ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਕੰਪਿਊਟਰੀਕਰਨ ਨੂੰ ਹੋਰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਨਵੇਂ ਲੈਪਟਾਪ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਫੀਲਡ ਵਿੱਚ ਹੋਰ ਸੁਚਾਰੂ ਢੰਗ ਨਾਲ ਕੰਮ ਕਰਨ ਦੀ ਸਹੂਲਤ ਦਿੱਤੀ ਜਾ ਸਕੇ।
ਹੋਰ ਪੜ੍ਹੋ :-ਕਮਿਸ਼ਨਰ, ਜਲੰਧਰ ਮੰਡਲ, ਜਲੰਧਰ ਦੇ ਦਫ਼ਤਰ ਵਿਖੇ ਪੁਰਾਣੇ ਕੰਡਮ ਸਮਾਨ ਦੀ ਨਿਲਾਮੀ 24 ਮਾਰਚ ਨੂੰ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਾਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਵਾਂ ਲੈਪਟਾਪ ਖ਼ਰੀਦ ਕਰਨ ਲਈ ਹਰੇਕ ਪਟਵਾਰੀ ਅਤੇ ਕਾਨੂੰਨਗੋ ਨੂੰ ਵੱਧ ਤੋਂ ਵੱਧ 60,000 ਰੁਪਏ ਦੀ ਯਕਮੁਸ਼ਤ ਰਕਮ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਨੂੰ ਆਪਣੀ ਮਸ਼ੀਨ ਦਾ ਬਿੱਲ ਜ਼ਿਲ੍ਹਾ ਮਾਲ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ ਅਤੇ ਬਿੱਲ ਵਿੱਚ ਦਰਜ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਸਬੰਧਤ ਅਧਿਕਾਰੀ ਨੂੰ 300 ਰੁਪਏ ਪ੍ਰਤੀ ਮਹੀਨਾ ਇੰਟਰਨੈੱਟ ਖਰਚੇ ਵਜੋਂ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਨ ਖਾਤਰ ਡੋਂਗਲ ਖਰੀਦਣੀ ਪਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ i5 ਪ੍ਰੋਸੈਸਰ 11th ਜਨਰੇਸ਼ਨ, ਵਿੰਡੋਜ਼ 10 ਪ੍ਰੋਫੈਸ਼ਨਲ ਅਤੇ ਇਸ ਤੋਂ ਵੱਧ, 8 ਜੀਬੀ ਰੈਮ, 512 ਜੀਬੀ ਐਸਐਸਡੀ, ਓਈਐਮ ਵਾਰੰਟੀ 3 ਸਾਲ ਪਲੱਸ 2 ਸਾਲ ਏ.ਐਮ.ਸੀ.ਵਰਗੀਆਂ ਸੰਰਚਨਾਵਾਂ ਵਾਲਾ ਲੈਪਟਾਪ ਖਰੀਦਣਾ ਹੋਵੇਗਾ।
ਪਟਵਾਰੀ ਅਤੇ ਕਾਨੂੰਨਗੋ, ਜੋ ਆਮ ਤੌਰ ‘ਤੇ ਆਪਣਾ ਜ਼ਿਆਦਾਤਰ ਸਮਾਂ ਫੀਲਡ ਵਿੱਚ ਬਿਤਾਉਂਦੇ ਹਨ, ਦੇ ਕੰਮਕਾਜ ਨੂੰ ਹੋਰ ਡਿਜੀਟਾਈਜ਼ ਕਰਨ ਅਤੇ ਕੰਪਿਊਟਰੀਕਰਨ ਦੀ ਦਿਸ਼ਾ ਵਿੱਚ ਇਸ ਫੈਸਲੇ ਨੂੰ ਕ੍ਰਾਂਤੀਕਾਰੀ ਕਦਮ ਦੱਸਦਿਆਂ ਘਨਸ਼ਿਆਮ ਥੋਰੀ ਨੇ ਸਾਰੇ ਯੋਗ ਅਧਿਕਾਰੀਆਂ ਨੂੰ ਤੁਰੰਤ ਨਵੇਂ ਲੈਪਟਾਪ ਖਰੀਦ ਕਰਨ ਅਤੇ ਭੁਗਤਾਨ ਦੀ ਜਲਦ ਅਦਾਇਗੀ ਲਈ ਬਿਲ ਡੀ.ਆਰ.ਓ. ਦਫ਼ਤਰ ਵਿਖੇ ਜਮ੍ਹਾ ਕਰਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਕੇਵਲ 30 ਅਗਸਤ, 2022 ਤੋਂ ਬਾਅਦ ਸੇਵਾਮੁਕਤ ਹੋਣ ਵਾਲੇ ਪਟਵਾਰੀਆਂ ਅਤੇ ਕਾਨੂੰਨਗੋਆਂ ‘ਤੇ ਲਾਗੂ ਹੋਣਗੇ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ 72 ਪਟਵਾਰੀ ਅਤੇ 45 ਕਾਨੂੰਨਗੋ ਕੰਮ ਕਰ ਰਹੇ ਹਨ।