ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਓਮ ਪਰਕਾਸ਼ ਸੋਨੀ ਵੱਲੋਂ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਨਿਰਮਾਣ ਕਾਰਜਾਂ ਦੀ ਪ੍ਰਕਿਰਿਆ ਦੀ ਸਮੀਖਿਆ
ਅਧਿਕਾਰੀਆਂ ਨੂੰ ਨਿਰਮਾਣ ਕਾਰਜਾਂ ਅਤੇ ਮਾਹਰ ਡਾਕਟਰਾਂ ਦੀ ਭਾਰਤੀ ਸਬੰਧੀ ਪ੍ਰਕਿਰਿਆ ਤੇਜ਼ ਕਰਨ ਦੀਆਂ ਸਖ਼ਤ ਹਦਾਇਤਾਂ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀਆਂ 07 ਲੈਬਜ਼ ਨੇ ਹੁਣ ਤੱਕ ਕਰੀਬ 70 ਲੱਖ ਟੈਸਟ ਕੀਤੇ
ਐਸ.ਏ.ਐਸ. ਨਗਰ, 28 ਮਈ 2021
ਪੰਜਾਬ ਸਰਕਾਰ ਵੱਲੋਂ ਮੈਡੀਕਲ ਸਿੱਖਿਆ ਦੇ ਵਿਕਾਸ ਲਈ ਉਪਰਾਲੇ ਲਗਾਤਾਰ ਜਾਰੀ ਹਨ, ਜਿਨ੍ਹਾਂ ਦੀ ਲੜੀ ਤਹਿਤ ਮੋਹਾਲੀ ਦੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਦਾਖਲੇ ਇਸ ਸਾਲ ਸ਼ੁਰੂ ਹੋ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਓਮ ਪਰਕਾਸ਼ ਸੋਨੀ ਵੱਲੋਂ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਲਈ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਨਿਰਮਾਣ ਕਾਰਜਾਂ ਸਬੰਧੀ ਪ੍ਰਕਿਰਿਆ ਦੀ ਪ੍ਰਗਤੀ ਤੇਜ਼ ਨਾ ਹੋਣ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜਾਂ ਸਬੰਧੀ ਨਕਸ਼ੇ਼, ਖਾਸ ਕਰ ਕੇ ਦਾਖਲਾ ਗੇਟ ਅਤੇ ਪਾਰਕਿੰਗਜ਼ ਦੇ ਨਕਸ਼ੇ, ਹਫ਼ਤੇ ਦੇ ਅੰਦਰ ਅੰਦਰ ਫਾਈਨਲ ਕਰ ਕੇ ਟੈਂਡਰ ਪ੍ਰਕਿਰਿਆ ਲਈ ਲੋਕ ਨਿਰਮਾਣ ਵਿਭਾਗ ਨੂੰ ਭੇਜੇ ਜਾਣ। ਉਨ੍ਹਾਂ ਨੇ ਨਾਲ ਹੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਕੀਤੀਆਂ ਕਿ ਬਿਨਾਂ ਦੇਰੀ ਤੋਂ ਸਾਰੀ ਪ੍ਰਕਿਰਿਆ ਪੂਰੀ ਕਰ ਕੇ ਨਿਰਮਾਣ ਕਾਰਜ ਕਰਵਾਏ ਜਾਣ ਤੇ ਇਮਾਰਤਾਂ ਦਾ ਨਿਰਮਾਣ ਇੱਕ ਸਾਲ ਦੇ ਅੰਦਰ ਅੰਦਰ ਪੂਰਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਮੈਡੀਕਲ ਕਾਲਜ ਲਈ ਲੋੜੀਦੇ ਮਾਹਰ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਛੇਤੀ ਤੋਂ ਛੇਤੀ ਮੁਕੰਮਲ ਕਰਨ ਦੀਆਂ ਸਖ਼ਤ ਹਦਾਇਤਾਂ ਕਰਦਿਆਂ ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਐਨ ਐਮ ਸੀ ਦੀ ਟੀਮ ਦੇ ਦੌਰੇ ਤੋਂ ਪਹਿਲਾਂ ਸਟਾਫ਼, ਹਸਪਤਾਲ ਦੇ ਬੈਡ, ਮਸ਼ੀਨਾਂ, ਮੁੱਢਲਾ ਟਾਂਚਾ ਆਦਿ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਜ਼ੋ ਇਸ ਸੈਸ਼ਨ ਵਿੱਚ ਨਿਰਵਿਘਨ ਕਲਾਸਾਂ ਸ਼ੁਰੂ ਹੋਣ।
ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੀ ਸੋਨੀ ਨੇ ਦੱਸਿਆ ਕਿ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ 500 ਬੈੱਡਾਂ ਦਾ ਹੈ ਤੇ 300 ਬੈੱਡਾਂ ਦਾ ਹਸਪਤਾਲ ਪਹਿਲਾਂ ਹੀ ਇੱਥੇ ਚੱਲ ਰਿਹਾ ਹੈ ਤੇ 200 ਬੈੱਡ ਇਸ ਵਿੱਚ ਹੋਰ ਵਧਾਏ ਜਾਣੇ ਹਨ, ਜੋ ਛੇਤੀ ਹੀ ਵਧਾ ਦਿੱਤੇ ਜਾਣਗੇ। ਬਲੈਕ ਫੰਗਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਹ ਬਿਮਾਰੀ ਪੁਰਾਣੀ ਹੈ ਪਰ ਕਰੋਨਾ ਕਰ ਕੇ ਇਸ ਦਾ ਅਸਰ ਜ਼ਰੂਰ ਵਧਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਦੇ ਟਾਕਰੇ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।ਕਰੋਨਾ ਸਬੰਧੀ ਵੀ ਪੰਜਾਬ ਵਿੱਚ ਕਰੀਬ 400 ਬੈੱਡ ਖਾਲੀ ਹਨ ਤੇ ਪੰਜਾਬ ਵਿੱਚ ਆਕਸੀਜ਼ਨ ਸਬੰਧੀ ਕੋਈ ਦਿੱਕਤ ਨਹੀਂ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਜ਼ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਿਹੜਾ ਵੀ ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਖਿ਼ਲਾਫ਼ ਸਖ਼ਤ ਕਰਵਾਈ ਕੀਤੀ ਜਾਵੇ ਤੇ ਵੱਖ ਵੱਖ ਥਾਂ ਇਹ ਕਾਰਵਾਈ ਹੋਈ ਵੀ ਹੈ।ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ 07 ਲੈਬਜ਼ ਹਨ ਤੇ ਹੁਣ ਤੱਕ ਕਰੀਬ 70 ਲੱਖ ਟੈਸਟ ਇਨ੍ਹਾਂ ਲੈਬਜ਼ ਵੱਲੋਂ ਕੀਤੇ ਜਾ ਚੁੱਕੇ ਹਨ ਤੇ ਸਾਰੇ ਟੈਸਟ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਹਸਪਤਾਲ ਜਾਂ ਲੈਬ ਕੋਈ ਟੈਸਟ ਨਤੀਜਿਆਂ ਵਿੱਚ ਜਾ ਨਿਰਧਾਰਤ ਰੇਟਾਂ ਵਿਚ ਗੜਬੜ ਕਰਦੀ ਹਾਂ ਫੌਰੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਜਾਵੇ ਤਾਂ ਜ਼ੋ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।
ਸ਼੍ਰੀ ਸੋਨੀ ਨੇ ਕਿਹਾ ਕਿ ਲੋਕਾਂ ਵਿੱਚ ਵੈਕਸੀਨ ਲਗਾਉਣ ਬਾਰੇ ਵੱਡੇ ਪੱਧਰ ਉਤੇ ਜਾਗਰੂਕਤਾ ਆਈ ਹੈ ਪਰ ਵੈਕਸੀਨ ਦੀ ਕਮੀ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਟੈਸਟਿੰਗ ਵਧਾਈ ਗਈ ਹੈ ਤੇ ਰੋਜ਼ਾਨਾ ਕਰੀਬ 50 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ ਤੇ ਸਰਕਾਰ ਦੇ ਉਪਰਾਲਿਆਂ ਸਦਕਾ ਕਰੋਨਾ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦਾ ਤੀਜਾ ਫੇਜ਼ ਆਵੇ ਚਾਹੇ ਨਾ ਆਵੇ ਪਰ ਸਰਕਾਰ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ।
ਇਸ ਮੌਕੇ ਸਲਾਹਕਾਰ, ਸਿਹਤ ਤੇ ਮੈਡੀਕਲ ਸਿੱਖਿਆ ਪੰਜਾਬ ਡਾ. ਕੇ.ਕੇ. ਤਲਵਾੜ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦੁਰ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ਼, ਸ਼੍ਰੀ ਡੀ.ਕੇ. ਤਿਵਾੜੀ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ਼, ਡਾ. ਸੁਜਾਤਾ ਸ਼ਰਮਾ, ਡਾਇਰਕੈਟਰ ਪ੍ਰਿੰਸੀਪਲ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਡਾ. ਭਵਨੀਤ ਭਾਰਤੀ, ਚੀਫ਼ ਆਰਕੀਟੈਕਟ ਪੰਜਾਬ ਮਿਸ ਸਪਨਾ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਆਸਿ਼ਕਾ ਜੈਨ
ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।