ਸਿਹਤ ਮੰਤਰੀ ਨੇ ਜ਼ਿਲ੍ਹਾ ਹਸਪਤਾਲ ਵਿਚ ਸਥਿਤ ਕ੍ਰਿਸ਼ਨਾ ਲੈਬ ਨੂੰ 24 ਘੰਟੇ ਚਲਾਉਣ ਦੇ ਦਿੱਤੇ ਹੁਕਮ
ਮਰੀਜ਼ਾਂ ਨੂੰ ਮਿਲ ਰਹੀਆਂ ਮੁਫਤ ਦਵਾਈਆਂ ਦਾ ਲਿਆ ਜਾਇਜ਼ਾ
ਰੂਪਨਗਰ, 17 ਫਰਵਰੀ 2024
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ ਦਾ ਦੌਰਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਉਪਰੰਤ ਹੁਣ ਜਲਦ ਅਡਵਾਂਸ ਲਾਈਫ ਸਪੋਟ ਅਤੇ ਬੈਸਿਕ ਲਾਈਫ ਸਪੋਟ ਐਂਬੂਲੈਂਸਾਂ ਐਮਰਜੈਂਸੀ ਮੌਕਿਆਂ ਨੂੰ ਸਾਂਭਣ ਲਈ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਕਰੇਗੀ।
ਇਸ ਮੌਕੇ ਸਰਕਾਰੀ ਹਸਪਤਾਲਾਂ ਵਿਚ ਮਿਲ ਰਹੀਆਂ ਮੁਫਤ ਦਵਾਈਆਂ ਦਾ ਜ਼ਮੀਨੀ ਪੱਧਰ ਉਤੇ ਨਿਰੀਖਣ ਕਰਨ ਲਈ ਸਿਹਤ ਮੰਤਰੀ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਜਿਥੇ ਮਰੀਜ਼ਾਂ ਵਲੋਂ ਤਸੱਲੀ ਪ੍ਰਗਟਾਉਂਦਿਆਂ ਦੱਸਿਆ ਗਿਆ ਕਿ ਹੁਣ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਸਾਰੀਆਂ ਦਵਾਈਆਂ ਮੁਫਤ ਮਿਲ ਰਹੀਆਂ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਏਮਜ਼ ਵਲੋਂ ਕੀਤੇ ਸਰਵੇਖਣ ਅਨੁਸਾਰ ਨਾਮੁਰਾਦ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਕਰਜ਼ੇ ਤੱਕ ਲੈਣੇ ਪੈਂਦੇ ਹਨ ਜਿਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਾਰਥਕ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁਫਤ ਦਵਾਈਆਂ ਅਤੇ ਕੇਵਲ 200 ਰੁਪਏ ਵਿਚ ਅਲਟਰਾਸਾਊਂਡ ਦੀ ਸੁਵਿਧਾ ਸੂਚੀਬੱਧ ਹਸਪਤਾਲਾਂ ਵਿਚ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦ ਮਰੀਜ਼ਾਂ ਦੇ ਤੀਜੀ ਸ਼੍ਰੇਣੀ ਦੇ ਇਲਾਜ ਜਿਸ ਵਿਚ ਗੰਭੀਰ ਬਿਮਾਰੀਆਂ ਆਉਂਦੀਆਂ ਹਨ ਦਾ ਇਲਾਜ ਬਿਲਕੁਲ ਮੁਫਤ ਕਰਵਾਇਆ ਜਾ ਰਿਹਾ ਹੈ।
ਮੈਡੀਕਲ ਕਾਲਜਾਂ ਦੇ ਆਧੁਨਿਕਰਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸਾਰੇ ਮੈਡੀਕਲ ਕਾਲਜਾਂ ਵਿਚ ਵਿਆਪਕ ਪੱਧਰ ਉਤੇ ਸੁਧਾਰ ਕੀਤਾ ਗਿਆ ਹੈ ਅਤੇ ਅਗਲੇ ਪੜਾਅ ਵਿਚ ਜ਼ਿਲ੍ਹਾ ਹਸਪਤਾਲਾਂ ਵਿਖੇ ਵੈਂਟੀਲੇਟਰ ਸਮੇਤ ਦਿਲ ਦੇ ਰੋਗਾਂ ਵਰਗੇ ਮਾਰੂ ਬਿਮਾਰੀਆਂ ਦੇ ਇਲਾਜ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ ਹੈ।
ਇਸ ਮੌਕੇ ਇਕ ਮਰੀਜ਼ ਵਲੋਂ ਹਸਪਤਾਲ ਵਿਖੇ ਕ੍ਰਿਸ਼ਨਾ ਲੈਬ ਵਲੋਂ ਕੇਵਲ 2 ਵਜੇ ਤੱਕ ਟੈਸਟ ਦੀ ਸੁਵਿਧਾ ਦਾ ਮਾਮਲਾ ਸਿਹਤ ਮੰਤਰੀ ਦੇ ਧਿਆਨ ਵਿਚ ਲਿਆਉਣ ਉਪਰੰਤ ਉਨ੍ਹਾਂ ਸਖਤੀ ਨਾਲ ਆਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਆ ਹਸਪਤਾਲਾਂ ਵਿਚ ਇਹ ਲੈਬਾਂ 24 ਘੰਟੇ ਕੰਮ ਕਰਨਗੀਆਂ ਅਤੇ ਜੇਕਰ ਮੁੜ ਇਸ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਆਮ ਆਦਮੀ ਕਲੀਨਿਕਾਂ ਦੀ ਸਫਲਤਾ ਦੇ ਤੱਥਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੂਬੇ ਵਿਚ 1 ਕਰੋੜ ਦੇ ਕਰੀਬ ਨਾਗਰਿਕਾਂ ਨੇ ਇਨ੍ਹਾਂ ਕਲੀਨਿਕਾਂ ਤੋਂ ਆਪਣਾ ਇਲਾਜ ਕਰਵਾਇਆ ਹੈ ਜਿਸ ਨਾਲ ਦਵਾਈਆਂ ਅਤੇ ਟੈਸਟਾਂ ਉਤੇ ਹੋਣ ਵਾਲੇ ਲੱਗਭਗ 1 ਹਜ਼ਾਰ ਕਰੋੜ ਰੁਪਏ ਦਾ ਮਫਤ ਇਲਾਜ ਲੋੜਵੰਦ ਮਰੀਜ਼ਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ ਜੋ ਕਿ ਪੰਜਾਬ ਸਰਕਾਰ ਦੀ ਵੱਡੀ ਉਪਲੱਬਧੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।