ਪਿੰਡ  ਮਾਹੂਆਣਾ ਬੋਦਲਾ ਵਿਖੇ ਕਿਸਾਨਾਂ ਨੂੰ ਖੇਤੀ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਪਿੰਡ  ਮਾਹੂਆਣਾ ਬੋਦਲਾ ਵਿਖੇ ਕਿਸਾਨਾਂ ਨੂੰ ਖੇਤੀ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ
ਪਿੰਡ  ਮਾਹੂਆਣਾ ਬੋਦਲਾ ਵਿਖੇ ਕਿਸਾਨਾਂ ਨੂੰ ਖੇਤੀ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ
ਨਰਮੇ ਉਪਰ ਗੁਲਾਬੀ ਸੁੰਡੀ ਸਬੰਧੀ ਦਿੱਤੀ ਵਿਸਥਾਰ ਨਾਲ ਜਾਣਕਾਰੀ
ਕਿਸਾਨ ਵੀਰ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸਾਂ ਅਨੁਸਾਰ ਕਰਨ ਕੀੜੇਮਾਰੀ ਦਵਾਈਆਂ ਦੀ ਵਰਤੋਂ: ਡਾ.ਮਨਪ੍ਰੀਤ ਸਿੰਘ

ਫਾਜ਼ਿਲਕਾ 1 ਫਰਵਰੀ 2022

ਖੇਤੀਬਾੜੀ ਵਿਚ ਵਿਭਿਨਤਾ ਲਿਆਉਣ ਅਤੇ ਕਿਸਾਨਾਂ ਨੂੰ ਸਮੇਂ-ਸਮੇਂ `ਤੇ ਖੇਤੀ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਲਈ ਕਿਸਾਨ ਮੇਲੇ ਲਗਾਏ ਜਾਂਦੇ ਹਨ। ਇਨ੍ਹਾਂ ਕਿਸਾਨ ਮੇਲਿਆਂ ਵਿਚ ਕਿਸਾਨਾਂ ਨੂੰ ਖੇਤੀ ਵਿਚ ਆ ਰਹੀ ਤਬਦੀਲੀ ਅਤੇ ਖੇਤੀ ਕਰਨ ਦੇ ਢੰਗਾਂ ਬਾਰੇ ਵੱਖ-ਵੱਖ ਮਾਹਰਾਂ ਵੱਲੋਂ ਵਢਮੁੱਲੀ ਜਾਣਕਾਰੀ ਦਿੱਤੀ ਜਾਂਦੀ ਹੈ।ਕਿਸਾਨ ਮੇਲਿਆਂ ਦੀ ਲਗਾਤਰਤਾ ਵਿਚ ਅੱਜ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਬੋਦਲਾ ਵਿਖੇ  ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਬਲਾਕ ਟਕਨਾਲੋਜੀ ਮੈਨੇਜਰ ਸ. ਰਾਜ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੋਜ ਕੇਂਦਰ ਅਬੋਹਰ ਤੋਂ ਸੀਨੀਅਰ ਫਸਲ ਵਿਗਿਆਨੀ ਡਾ. ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਕਿਸਾਨਾਂ ਨੂੰ ਵਡਮੁੱਲੀ ਜਾਣਕਾਰੀ ਦਿੱਤੀ।

ਹੋਰ ਪੜ੍ਹੋ :-ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ: ਸਿਵਲ ਸਰਜਨ

ਡਾ. ਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਬੀਜਣ ਤੋਂ ਲੈ ਕੇ ਕਿਸ ਤਰ੍ਹਾ ਉਸ ਦੀ ਸੰਭਾਲ ਕਰਨੀ ਅਤੇ ਕਿਹੜੀਆਂ-ਕਿਹੜੀਆਂ ਦਵਾਈਆਂ ਦੀ ਵਰਤੋਂ ਕਰਨਯੋਗ ਹੈ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਗੁਲਾਬੀ ਸੁੰਡੀ ਤੋਂ ਡਰਨ ਦੀ ਲੋੜ ਨਹੀਂ ਹੈ, ਕੁਝ ਸਾਵਧਾਨੀਆਂ ਵਰਤ ਕੇ ਇਸ ਸੁੰਡੀ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਰਮੇ ਦੀਆਂ ਛੱਟੀਆਂ ਦਾ ਸਹੀ ਤਰ੍ਹਾਂ ਨਿਪਟਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀਆਂ ਛਟੀਆ ਨੂੰ ਚੰਗੀ ਤਰ੍ਹਾਂ ਝਾੜ ਕੇ ਫੁੱਲ ਡੋਡੀਆਂ, ਪੱਤੇ, ਟੀਂਡੇ ਆਦਿ ਸਾੜ ਕੇ ਖਤਮ ਕਰ ਦਿੱਤੇ ਜਾਣ ਜਾਂ ਮਿੱਟੀ ਵਿੱਚ ਦਬਾ ਦਿੱਤੇ ਜਾਣ ਅਤੇ ਛਟੀਆ ਫਰਵਰੀ ਦੇ ਅੰਤ ਤੱਕ ਬਾਲਣ ਦੇ ਤੌਰ ਤੇ ਵਰਤ ਕੇ ਖਤਮ ਕਰ ਦਿੱਤੀਆਂ ਜਾਣ ਤਾਂ ਜੋ ਸਾਉਣੀ 2022 ਦੌਰਾਨ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਅਤੇ ਸਰ੍ਹੋਂ ਦੀ ਫ਼ਸਲ ਸਬੰਧੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਣਕ ਵਿੱਚ ਚੂਹੀਆਂ ਦੀ ਰੋਕਥਾਮ ਲਈ ਸਾਰੇ ਪਿੰਡ ਨੂੰ ਇਕੋ ਸਮੇਂ ਤੇ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਣਕ ਵਿੱਚ ਗੁੱਲੀ ਡੰਡੇ ਸਬੰਧੀ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਸਰ੍ਹੋਂ ਦੀ ਫ਼ਸਲ ਸਬੰਧੀ ਵੀ ਕਿਸਾਨਾਂ ਨੂੰ ਵੱਡਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫ਼ਸਲ ਉਪਰ ਸਿਰਫ਼ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ ਕੀਤੀਆਂ ਦਵਾਈਆਂ ਦੀ ਵਰਤੋਂ ਹੀ ਕਰਨ। ਇਸ ਮੌਕੇ ਪਿੰਡ ਮਾਹੂਆਣਾ ਬੋਦਲਾ ਦੇ ਕਿਸਾਨ ਵੀਰ ਹਾਜ਼ਰ ਸਨ।

Spread the love