ਪ੍ਰਚਾਰ ਵੈਨ ਨੇ ਪਿੰਡ ਹੰਸਰੋਂ ਵਿਖੇ ਲੋਕਾਂ ਨੂੰ ਐੱਚ.ਆਈ.ਵੀ. ਏਡਜ਼ ਦੀ ਬਿਮਾਰੀ ਪ੍ਰਤੀ ਕੀਤਾ ਜਾਗਰੂਕ
ਨਵਾਂਸ਼ਹਿਰ, 18 ਨਵੰਬਰ 2021
ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਏਡਜ਼ ਤੋਂ ਬਚਾਅ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜਨ ਜਾਗਰੂਕਤਾ ਵੈਨ ਚਲਾਈ ਜਾ ਰਹੀ ਹੈ।
ਹੋਰ ਪੜ੍ਹੋ :-ਸੰਘਰਸ਼ ਦੇ ਸਫਲ ਸਮਾਪਨ ‘ਤੇ ਪੀ.ਐਸ.ਐਮ.ਐਸ.ਯੂ. ਦੇ ਅਹੁੱਦੇਦਾਰਾਂ ਦਾ ਵਿਸ਼ੇਸ ਸਨਮਾਨ
ਇਸੇ ਕੜੀ ਤਹਿਤ ਪ੍ਰਚਾਰ ਵੈਨ ਨੇ ਅੱਜ ਪਿੰਡ ਹੰਸਰੋਂ ਵਿਖੇ ਜਾ ਕੇ ਲੋਕਾਂ ਨੂੰ ਐੱਚ.ਆਈ.ਵੀ. ਏਡਜ਼ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਮੈਡੀਕਲ ਮਾਹਰਾਂ ਦੀ ਟੀਮ ਵੱਲੋਂ ਕੌਂਸਲਿੰਗ ਵੀ ਕੀਤੀ ਗਈ। ਇਹ ਵੈਨ ਪ੍ਰਿੰਟ ਤੇ ਆਡਿਓ-ਵੀਡੀਓ ਵਿਯੂਅਲ ਉਪਕਰਨਾਂ ਨਾਲ ਵੀ ਲੈਸ ਹੈ।
ਇਸ ਸਬੰਧੀ ਪ੍ਰਾਇਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਐੱਚ.ਆਈ.ਵੀ. ਏਡਜ਼ ਦੇ ਸੰਕ੍ਰਮਣ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ ਹੈ। ਏਡਜ਼ ਮੁੱਖ ਰੂਪ ਵਿਚ ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣ, ਏਡਜ਼ ਪੀੜਤ ਵਿਅਕਤੀ ਦਾ ਖ਼ੂਨ ਦੂਸਰੇ ਵਿਅਕਤੀ ਨੂੰ ਚੜਾਉਣ, ਗਰਭਵਤੀ ਅਵਸਥਾ ਵਿਚ ਏਡਜ਼ ਪੀੜਤ ਮਾਂ ਵੱਲੋਂ ਜਨਮ ਦੇਣ ਵਾਲੇ ਬੱਚੇ, ਏਡਜ਼ ਪੀੜਤ ਵਿਅਕਤੀ ਦੀ ਸੂਈਂ ਦੂਸਰੇ ਵਿਅਕਤੀ ‘ਤੇ ਵਰਤਣ ਆਦਿ ਨਾਲ ਹੁੰਦੀ ਹੈ ਜੋ ਕਿ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਏਡਜ਼ ਕਾਰਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮੱਰਥਾ ਘੱਟ ਜਾਂਦੀ ਹੈ, ਜਿਸ ਕਾਰਨ ਪੀੜਤ ਨੂੰ ਟੀ.ਬੀ. ਸਮੇਤ ਕਈ ਹੋਰ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਇਕ ਸਰਵੇ ਦੀ ਰਿਪੋਰਟ ਅਨੁਸਾਰ ਸਾਲ 1984 ਵਿਚ ਇਸ ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਹੁਣ ਤੱਕ 36 ਕਰੋੜ ਤੋਂ ਵੱਧ ਲੋਕ ਏਡਜ਼ ਨਾਲ ਮਰ ਚੁੱਕੇ ਹਨ। ਉਨ੍ਹਾਂ ਫੀਲਡ ਸਟਾਫ ਨੂੰ ਵੀ ਇਸ ਬਿਮਾਰੀ ਪ੍ਰਤੀ ਆਮ ਲੋਕਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲਾਉਣ ਨੂੰ ਕਿਹਾ।
ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਏਡਜ਼ ਪੀੜਤ ਵਿਅਕਤੀ ਨੂੰ ਵਾਰ-ਵਾਰ ਬੁਖਾਰ ਹੁੰਦਾ ਹੈ, ਥਕਾਵਟ ਹੁੰਦੀ ਹੈ, ਮਾਸ ਪੇਸ਼ੀਆਂ ਵਿਚ ਅਕੜਾਅ ਆਉਂਦਾ ਹੈ, ਜੋੜਾਂ ਵਿਚ ਦਰਦ ਅਤੇ ਸੋਜਿਸ਼ ਹੁੰਦੀ ਹੈ, ਗਲਾ ਖਰਾਬ ਹੋ ਜਾਂਦਾ ਹੈ, ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ, ਚਮੜੀ ਉੱਪਰ ਲਾਲ ਰੰਗ ਦੇ ਨਿਸ਼ਾਨ ਆ ਜਾਂਦੇ ਹਨ ਅਤੇ ਮਾਨਸਿਕ ਤਣਾਅ ਰਹਿਣ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਮਾਰੀ ਦਾ ਮੁੱਢਲੀ ਅਵਸਥਾ ਵਿੱਚ ਹੀ ਪਤਾ ਲੱਗ ਜਾਵੇ ਤਾਂ ਬਿਮਾਰੀ ਦੀ ਰੋਕਥਾਮ ਲਈ ਲਗਾਤਾਰ ਦਵਾਈਆਂ ਦਾ ਸਹਾਰਾ ਲੈ ਕੇ ਏਡਜ਼ ਪੀੜਤ ਵਿਅਕਤੀ ਲੰਬੀ ਜ਼ਿੰਦਗੀ ਜੀਅ ਸਕਦਾ ਹੈ।
ਇਸੇ ਦੌਰਾਨ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਏਡਜ਼ ਇਕ ਤੋਂ ਜ਼ਿਆਦਾ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ, ਦੂਸ਼ਿਤ ਖੂਨ ਦੇਣ, ਦੂਸ਼ਿਤ ਸੂਈਆਂ, ਸਰਿੰਜਾਂ ਦੀ ਵਰਤੋਂ ਅਤੇ ਗਰਭਵਤੀ ਮਾਂ ਤੋਂ ਬੱਚੇ ਨੂੰ ਹੁੰਦਾ ਹੈ। ਇਹ ਹੱਥ ਮਿਲਾਉਣ, ਛੂਹਣ, ਚੁੰਮਣ ਜਾਂ ਕਿਸੇ ਨਾਲ ਬੈਠ ਕੇ ਖਾਣਾ ਖਾਣ ਨਾਲ ਨਹੀਂ ਫੈਲਦਾ ਹੈ, ਇਸ ਲਈ ਸਾਨੂੰ ਏਡਜ਼ ਦੇ ਰੋਗੀ ਨਾਲ ਨਫਰਤ ਨਹੀਂ ਕਰਨੀ ਚਾਹੀਦੀ, ਬਲਕਿ ਉਸਨੂੰ ਸਮਾਜ ਵਿਚ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਜੀਅ ਸਕੇ। ਉਨ੍ਹਾਂ ਦੱਸਿਆ ਕਿ ਏਡਜ਼ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਵਿਅਕਤੀ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਿਲਕੁੱਲ ਖਤਮ ਹੋ ਜਾਂਦੀ ਹੈ ਅਤੇ ਉਸ ਨੂੰ ਅਨੇਕਾਂ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਦੀਆਂ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਬਿਮਾਰੀ ਦੇ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ਼ ਵਿੱਚ ਇਸ ਬਿਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ ਹੈ ਤੇ ਇਹ ਪੀੜਤ ਦੀ ਹਾਲਤ ਨੂੰ ਹੋਰ ਵੀ ਦੁਖਦ ਬਣਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ਼ ਦੇ ਫੈਲਣ ਨੂੰ ਲੈ ਕੇ ਜੋ ਗਲਤ ਧਾਰਨਾਵਾਂ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਲਥ ਵਰਕਰ ਗੁਰਪ੍ਰੀਤ ਸਿੰਘ ਰੰਧਾਵਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।