ਸਮਾਰਟ ਸਿਟੀ ਮਿਸ਼ਨ ਦੇ ਡਾਇਰੈਕਟਰ ਨੇ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਮਾਲਵਿੰਦਰ ਸਿੰਘ ਜੱਗੀ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ 4 ਸਤੰਬਰ 2021 ਸਮਾਰਟ ਸਿਟੀ ਮਿਸ਼ਨ ਅਧੀਨ ਸ਼ਹਿਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਸ਼ੁਰੂ ਕੀਤੇ ਜਾਣ ਵਾਲੇ “ਰਾਹੀ” (ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ ) ਪ੍ਰੋਜੈਕਟ ਨੂੰ ਮੈਚੂਰੇਸ਼ਨ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਤੇ ਪੂਰੇ ਦੇਸ਼ ਤੇ ਦੂਜਾ ਸਥਾਨ ਮਿਲਿਆ ਹੈ। ਜਿਸ ਦੇ ਲਈ ਨਗਰ ਨਿਗਮ ਕਮਿਸ਼ਨਰ ਅਤੇ ਸੀਈਓ ਅੰਮ੍ਰਿਤਸਰ ਸਮਾਰਟ ਸਿਟੀ ਮਾਲਵਿੰਦਰ ਸਿੰਘ ਜੱਗੀ ਨੂੰ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਸਮਾਰਟ ਸਿਟੀ ਮਿਸ਼ਨ ਦੇ ਡਾਇਰੈਕਟਰ ਕੁਨਾਲ ਕੁਮਾਰ ਦੁਆਰਾ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫ੍ਰੈਂਚ ਡਿਵੈਲਪਮੈਂਟ ਏਜੰਸੀ (ਏ.ਐਫ.ਡੀ), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਉਟ ਆਫ਼ ਅਰਬਨ ਅਫੇਯਰਸ (ਐਨ.ਆਈ.ਯੂ.ਏ) ਦੁਆਰਾ ਚਲਾਏ ਜਾ ਰਹੇ ਸਿਟੀਜ਼ ਪ੍ਰੋਗਰਾਮ ਦੇ ਤਹਿਤ, ਅੰਮ੍ਰਿਤਸਰ ਸਮਾਰਟ ਸਿਟੀ ਦੇ ਰਾਹੀਂ ਪ੍ਰੋਜੈਕਟ ਨੂੰ ਸਾਲ 2019 ਵਿੱਚ ਦੇਸ਼ ਦੇ 37 ਸ਼ਹਿਰਾਂ ਦੇ ਕੁੱਲ 67 ਪ੍ਰੋਜੈਕਟਾਂ ਵਿੱਚੋਂ ਚੁਣਿਆ ਗਿਆ ਸੀ। ਸਿਟੀਜ਼ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ ਕੁੱਲ 12 ਸ਼ਹਿਰ ਚੁਣੇ ਗਏ ਹਨ, ਜਿਨ੍ਹਾਂ ਵਿੱਚੋਂ ਮੈਚੂਰੇਸ਼ਨ ਦੇ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਚੇਨਈ ਪਹਿਲੇ, ਅੰਮ੍ਰਿਤਸਰ ਦੂਜੇ ਅਤੇ ਸੂਰਤ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਇਨ੍ਹਾਂ ਸ਼ਹਿਰਾਂ ਦੇ ਸਮਾਰਟ ਸਿਟੀਜ਼ ਦੇ ਸੀਈਓਜ਼ ਨੂੰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਰਾਹੀ ਪ੍ਰੋਜੈਕਟ ਦੇ ਤਹਿਤ, ਸ਼ਹਿਰ ਵਿੱਚ ਚੱਲ ਰਹੇ ਪੁਰਾਣੇ ਡੀਜ਼ਲ ਆਟੋਜ਼ ਨੂੰ ਈ-ਆਟੋ ਨਾਲ ਬਦਲ ਦਿੱਤਾ ਜਾਵੇਗਾ, ਜਿਸਦੇ ਲਈ ਆਟੋ ਚਾਲਕਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾਏਗੀ ਅਤੇ ਨਾਲ ਹੀ ਉਨ੍ਹਾਂ ਨੂੰ ਅਸਾਨ ਦਰਾਂ ਤੇ ਲੋਨ ਵੀ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸ਼ਹਿਰ ਵਿੱਚ ਈ-ਵਾਹਨਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨ ਵੀ ਲਗਾਏ ਜਾਣਗੇ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੀਈਓ ਅੰਮ੍ਰਿਤਸਰ ਸਮਾਰਟ ਸਿਟੀ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ ਜਿੱਥੇ ਈ-ਆਟੋਜ਼ ਨੂੰ ਇੰਨੇ ਵੱਡੇ ਪੱਧਰ ‘ਤੇ ਜਨਤਕ ਆਵਾਜਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇਗਾ। ਜਿਸਦੇ ਲਈ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਡਰਾਈਵਰਾਂ ਨੂੰ ਸਬਸਿਡੀ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਅਸਾਨ ਦਰਾਂ ਤੇ ਲੋਨ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਈ-ਆਟੋ ਜਨਤਕ ਆਵਾਜਾਈ ਦਾ ਭਵਿੱਖ ਹੈ, ਜਿਸ ਕਾਰਨ ਨਾ ਸਿਰਫ ਹਵਾ ਪ੍ਰਦੂਸ਼ਣ ਦਾ ਪੱਧਰ ਜ਼ੀਰੋ ਹੋਵੇਗਾ, ਸਗੋਂ ਆਵਾਜ਼ ਪ੍ਰਦੂਸ਼ਣ ਵੀ ਨਹੀਂ ਰਹੇਗਾ। ਇਸ ਨਾਲ ਸ਼ਹਿਰ ਦਾ ਵਾਤਾਵਰਣ ਵੀ ਸਾਫ਼ ਹੋਵੇਗਾ ਅਤੇ ਈ-ਆਟੋਜ਼ ਤੋਂ ਰਿਕਸ਼ਾ ਚਾਲਕਾਂ ਦੀ ਕਮਾਈ ਵੀ ਵਧੇਗੀ, ਕਿਉਂਕਿ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਣ ਡੀਜ਼ਲ ਆਟੋ ਨੂੰ ਚਲਾਉਣ ਦੀ ਕੀਮਤ 4 ਰੁਪਏ ਪ੍ਰਤੀ ਕਿਲੋਮੀਟਰ ਤੋਂ ਵੱਧ ਹੋ ਗਈ ਹੈ, ਜਦੋਂ ਕਿ ਈ-ਆਟੋ ਦੀ ਕੀਮਤ ਇਸ ਤੋਂ ਕਾਫੀ ਘਟ 0.68 ਪੈਸੇ ਪ੍ਰਤੀ ਕਿਲੋਮੀਟਰ ਹੈ । ਉਨ੍ਹਾਂ ਕਿਹਾ ਕਿ ਬਹੁਤ ਛੇਤੀ ਹੀ ਰਾਹੀ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ।
ਕੈਪਸ਼ਨ : ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਆਈ.ਓ ਨੂੰ ਸਨਮਾਨਿਤ ਕਰਦੇ ਹੋਏ ਮੰਤਰਾਲੇ ਦੇ ਸੰਯੁਕਤ ਸਕੱਤਰ ਕੁਨਾਲ ਕੁਮਾਰ ਅਤੇ ਨਾਲ ਹਨ ਐਨ.ਆਈ.ਯੂ.ਏ ਦੇ ਡਾਇਰੈਕਟਰ ਹਿਤੇਸ਼ ਵੈਦਿਆ ਅਤੇ ਏਐਫਡੀ ਦੇ ਕੰਟਰੀ ਡਾਇਰੈਕਟਰ ਬਰੂਨੋ ਬੋਸਲੇ