ਜ਼ਿਲ੍ਹਾ ਮੋਹਾਲੀ ਵਿਚ ਪਹਿਲੇ ਦਿਨ 55617 ਹਜ਼ਾਰ ਬੱਚਿਆਂ ਨੂੰ ਪਿਲਾਈ ਦਵਾਈ

Anti-polio drive 55,617 kids immunized in Mohali on first day
Anti-polio drive: 55,617 kids immunized in Mohali on first day
ਨੈਸ਼ਨਲ ਇਮੂਨਾਈਜੇਸ਼ਨ ਡੇਅ ਮੁਹਿੰਮ ਤਹਿਤ 1,59,830 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ : ਡਾ. ਆਦਰਸ਼ਪਾਲ ਕੌਰ
ਐਸ ਏ ਐਸ ਨਗਰ, 27 ਫ਼ਰਵਰੀ 2022
ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨ.ਆਈ.ਡੀ)’ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 55617 ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਹ ਮੁਹਿੰਮ 27 ਫ਼ਰਵਰੀ ਤੋਂ 29 ਫ਼ਰਵਰੀ ਤਕ ਚੱਲ ਰਹੀ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਇਸ ਮੁਹਿਮ ਤਹਿਤ ਉਚ-ਜੋਖਮ ਵਾਲੇ ਖੇਤਰ, ਭੱਠੇ, ਨਿਰਮਾਣ ਸਥਾਨ, ਬਸਤੀਆਂ, ਝੁੱਗੀਆਂ, ਡੇਰਿਆਂ ਸਮੇਤ ਸਾਰੇ ਇਲਾਕੇ ਕਵਰ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 1,59,830 ਬੱਚਿਆਂ ਨੂੰ ਪੋਲੀਉ-ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਹੈ ਅਤੇ ਸਿਹਤ ਟੀਮਾਂ ਜ਼ਿਲ੍ਹੇ ਵਿਚ ਕੁਲ 407675 ਘਰਾਂ ਵਿਚ ਜਾ ਕੇ ਦਵਾਈ ਪਿਲਾਉਣਗੀਆਂl ਪਹਿਲੇ ਦਿਨ ਬੂਥਾਂ ‘ਤੇ ਦਵਾਈ ਪਿਲਾਈ ਜਾਵੇਗੀ ਤੇ ਬਾਕੀ ਦੋ ਦਿਨ ਸਿਹਤ ਕਾਮੇ ਘਰ ਘਰ ਜਾ ਕੇ ਦਵਾਈ ਪਿਲਾਉਣਗੇl ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ਵਿਚ ਵੱਖ ਵੱਖ ਥਾਈਂ 560 ਬੂਥ ਸਥਾਪਤ ਕੀਤੇ ਗਏl ਉਨ੍ਹਾਂ ਦਸਿਆ ਕਿ ਦਵਾਈ ਪਿਲਾਉਣ ਲਈ ਕੁਲ 1248 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 1083 ਹਾਊਸ ਟੂ ਹਾਊਸ ਟੀਮਾਂ ਹਨ। ਕੁਲ 123 ਸੁਪਰਵਾਇਜ਼ਰ ਇਨ੍ਹਾਂ ਟੀਮਾਂ ’ਤੇ ਨਿਗਰਾਨੀ ਰੱਖ ਰਹੇ ਹਨ ਤਾਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ। ਦਵਾਈ ਪਿਲਾਉਣ ਵਾਲਿਆਂ ਦੀ ਗਿਣਤੀ 2496 ਹੈl
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਅਪਣੇ ਹਰ ਬੱਚੇ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਓ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਓ-ਮੁਕਤੀ ਨੂੰ ਕਾਇਮ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ। ਉਹ ਅਪਣੇ ਬੱਚਿਆਂ ਨੂੰ ਦਵਾਈ ਜ਼ਰੂਰ ਪਿਲਾਉਣ ਭਾਵੇਂ ਬੱਚੇ ਦਾ ਕੁਝ ਘੰਟੇ ਪਹਿਲਾਂ ਹੀ ਜਨਮ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ।
ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ’ਤੇ ਸਟੇਟ ਸੁਪਰਵਾਇਜ਼ਰ (ਡਿਪਟੀ ਡਾਇਰੈਕਟਰ) ਡਾ. ਕਵਿਤਾ ਕਾਲੀਆ, ਡੀ.ਐਚ.ਓ. ਡਾ. ਸੁਭਾਸ਼ ਕੁਮਾਰ, ਡਾ. ਵਿਕਰਾਂਤ, ਐਸ.ਐਮ.ਓ. ਮੋਹਾਲੀ ਡਾ. ਵਿਜੇ ਭਗਤ, ਡਾ.ਐਚ.ਐਸ.ਚੀਮਾ, ਡਾ. ਸੰਗੀਤਾ ਜੈਨ, ਡਾ. ਅਲਕਜੋਤ ਕੌਰ, ਡਾ.ਸੁਰਿੰਦਰਪਾਲ ਕੌਰ, ਡਾ.ਰਵਲੀਨ ਕੌਰ, ਡਾ. ਨਵੀਨ ਕੌਸ਼ਿਕ, ਡਾ. ਰਾਜਿੰਦਰ ਭੂਸ਼ਣ ਆਦਿ ਅਧਿਕਾਰੀਆਂ ਨੇ ਮੁਹਿੰਮ ਦਾ ਨਿਰੀਖਣ ਕੀਤਾ ਅਤੇ ਟੀਮਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ।
  
ਸਿਹਤ ਅਧਿਕਾਰੀ ਮੁਹਿੰਮ ਦੀ ਚੈਕਿੰਗ ਦੌਰਾਨ।
Spread the love