ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਰਗਾਂ ਲਈ 300 ਯੂਨਿਟ ਪ੍ਰਤੀ ਮਹੀਨੇ ਮੁਫਤ ਬਿਜਲੀ ਦਾ ਐਲਾਨ ਕੀਤਾ ਐਲਾਨ

ਕੇਜਰੀਵਾਲ ਦੀ ਪਹਿਲੀ ਗਰੰਟੀ
ਸਾਰੇ ਪੁਰਾਣੇ ਬਿਲ ਅਤੇ ਪਹਿਲਾਂ ਦੀਆਂ ਦੇਣਦਾਰੀਆਂ ਆਪ ਦੀ ਸਰਕਾਰ ਆਉਣ ਤੇ ਕੀਤੀਆਂ ਜਾਣਗੀਆਂ ਮਾਫ- ਅਰਵਿੰਦ ਕੇਜਰੀਵਾਲ
ਪੰਜਾਬ ਦੇ ਵਸਨੀਕਾਂ ਲਈ 24 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਕੀਤਾ ਵਾਅਦਾ
ਪੰਜਾਬ ਵਿੱਚ ਚੱਲ ਰਹੀਆਂ ਮੌਜੂਦਾ ਬਿਜਲੀ ਸਕੀਮਾਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ
300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰ ਰਹੇ ਪਰਿਵਾਰ ਹੁਣ 300 ਯੂਨਿਟ ਪ੍ਰਤੀ ਮਹੀਨਾ ਕਰਨਗੇ ਪ੍ਰਾਪਤ, ਸਿਰਫ ਉਸ ਤੋਂ ਵੱਧ ਯੂਨਿਟਾਂ ਦਾ ਹੀ ਲਿਆ ਜਾਵੇਗਾ ਬਿਲ
ਕੇਜਰੀਵਾਲ ਦੀ ਗਰੰਟੀ ਹੈ, ਕੈਪਟਨ ਦੇ ਝੂਠੇ ਵਾਅਦੇ ਨਹੀਂ: ਅਰਵਿੰਦ
ਚੰਡੀਗੜ੍ਹ, 29 ਜੂਨ 2021
ਆਮ ਆਦਮੀ ਪਾਰਟੀ (ਆਪ) ਦੇ ਰਾਸਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਪੰਜਾਬੀਆਂ ਦੀ ਆਰਥਿਕ ਖੁਸਹਾਲੀ ਦਾ ਮੰਤਰ ਦਿੰਦਿਆਂ ਆਪ ਵੱਲੋਂ ਪਹਿਲੀ ‘ਗਰੰਟੀ’ ਦਾ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ਦੇ ਹਰੇਕ ਪਰਿਵਾਰ ਨੂੰ 24 ਘੰਟੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਪੁਰਾਣੇ ਬਿਜਲੀ ਦੇ ਰਹਿੰਦੇ ਬਿੱਲ ਵੀ ਮੁਆਫ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੋ ਸੌ ਯੂਨਿਟ ਮੁਫਤ ਬਿਜਲੀ ਪ੍ਰਾਪਤ ਕਰ ਰਹੇ ਐੱਸ ਸੀ, ਬੀ ਸੀ, ਆਜ਼ਾਦੀ ਘੁਲਾਟੀਏ ਆਦਿ ਵਰਗ ਹੁਣ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਬਿਜਲੀ ਬਿੱਲ ਨਾ ਭਰਨ ਕਰਕੇ ਕੱਟੇ ਗਏ ਬਿਜਲੀ ਕੁਨੈਕਸਨਾਂ ਨੂੰ ਮੁੜ ਜੋੜ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਵਿਸਵਾਸ ਦਿਵਾਉਂਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪਹਿਲੀ ਹੀ ਕਲਮ ਦੇ ਨਾਲ ਪਹਿਲੀ ਗਰੰਟੀ ਦੇ ਐਲਾਨਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਵਿਧਾਇਕ ਰਾਘਵ ਚੱਢਾ, ਸਾਬਕਾ ਆਈ.ਜੀ ਪੰਜਾਬ ਕੁੰਵਰ ਵਿਜੈ ਪ੍ਰਤਾਪ ਹਾਜਰ ਸਨ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਪੰਜਾਬ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਦੇ ਰਾਸਟਰੀ ਕਨਵੀਨਰ ਅਰਵਿੰਦਰ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗਰੰਟੀ ਦੇਣ ਲਈ ਆਏ ਹਨ, ਕਿ 2022 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ‘ਤੇ ਪੰਜਾਬ ‘ਚ ਇਹ ਕੰਮ ਜਰੂਰ ਕੀਤੇ ਜਾਣਗੇ। ਉਨ੍ਹਾਂ ਵਿਸਵਾਸ ਦਿਵਾਇਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਗਰੰਟੀ ਲਈ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਸਿਰਜੋੜ ਕੇ ਕੰਮ ਕਰਨਗੇ।
ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਮ ਆਦਮੀ ਪਾਰਟੀ ਦੇ ਰਾਸਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਰਾਹੀਂ ਪੰਜਾਬ ਦੇ ਲੋਕਾਂ ਅੱਗੇ ਆਪਣੀ ਪਹਿਲੀ ਗਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ਦੇ ਹਰੇਕ ਪਰਿਵਾਰ ਨੂੰ ਬਿਜਲੀ ਦੀਆਂ ਪਹਿਲੀਆਂ 300 ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ, ਪਰ ਕਿਸੇ ਯੋਜਨਾ ਦਾ ਲਾਭਪਾਤਰੀ ਨਾ ਹੋਣ ‘ਤੇ 300 ਤੋਂ ਵੱਧ ਯੂਨਿਟਾਂ ਦੀ ਖਪਤ ‘ਤੇ ਪੂਰਾ ਬਿੱਲ ਵਸੂਲ ਕੀਤਾ ਜਾਵੇਗਾ। ਉੁਨ੍ਹਾਂ ਸਪਸਟ ਕੀਤਾ ਕਿ ਪੰਜਾਬ ਵਿੱਚ 200 ਯੂਨਿਟਾਂ ਦੀ ਮੁਆਫੀ ਦਾ ਲਾਭ ਲੈਣ ਵਾਲੇ ਪਰਿਵਾਰਾਂ ਨੂੰ 300 ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ, ਜੇਕਰ 300 ਯੂਨਿਟਾਂ ਤੋਂ ਵੱਧ ਦੀ ਖਪਤ ਹੋ ਜਾਂਦੀ ਹੈ ਤਾਂ ਕੇਵਲ ਵਾਧੂ ਯੂਨਿਟਾਂ ਦਾ ਹੀ ਬਿੱਲ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਗਰੰਟੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦੇ ਨਹੀ, ਜੋ ਪੂਰੇ ਹੀ ਨਾ ਹੋਣ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਭਰ 24 ਘੰਟੇ ਬਿਜਲੀ ਦੇਣ ਲਈ ਸਪਲਾਈ ਵਿਵਸਥਾ ਠੀਕ ਕੀਤੀ ਜਾਵੇਗੀ, ਜਿਸ ਦੇ ਲਈ 3 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਗਰੰਟੀ ਲਾਗੂ ਹੋ ਜਾਣ ਨਾਲ ਪੰਜਾਬ ਦੇ 80 ਫੀਸਦੀ ਲੋਕਾਂ ਨੂੰ ਬਿਜਲੀ ਦੇ ਭਾਰੀ ਬਿੱਲਾਂ ਤੋਂ ਛੁਟਕਾਰਾ ਮਿਲੇਗਾ । ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਬਿਜਲੀ ਉਤਪਾਦਨ ਕਰਨ ਵਾਲਾ ਸੂਬਾ ਹੈ, ਪਰ ਇੱਥੇ ਹੋਰਨਾਂ ਰਾਜਾਂ ਨਾਲੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਇੱਕ ਪੱਖੇ ਅਤੇ ਦੋ ਬੱਲਬਾਂ ਵਾਲੇ ਪਰਿਵਾਰ ਨੂੰ 50 ਹਜਾਰ 9 ਸੌ ਰੁਪਿਆਂ ਦਾ ਬਿਜਲੀ ਬਿੱਲ ਭਰਨਾ ਪੈਂਦਾ ਹੈ, ਜਦੋਂ ਕਿ ਆਮ ਆਦਮੀ ਦੀ ਦਿੱਲੀ ਸਰਕਾਰ ਬਿਜਲੀ ਖਰੀਦ ਕੇ ਵੀ ਸਭ ਤੋਂ ਸਸਤੀ ਅਤੇ ਮੁਫਤ ਬਿਜਲੀ ਦੇ ਰਹੀ ਹੈ।
ਕੇਜਰੀਵਾਲ ਨੇ ਪੰਜਾਬ ਦੇ ਸੱਤਾਧਾਰੀਆਂ ਅਤੇ ਬਿਜਲੀ ਕੰਪਨੀਆਂ ਵਿਚਕਾਰ ਮਿਲੀਭੁਗਤ ਹੋਣ ਦਾ ਦੋਸ ਲਾਉਂਦਿਆਂ ਕਿਹਾ ਕਿ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੋਣ ਦੇ ਬਾਵਜੂਦ ਪੰਜਾਬਵਾਸੀਆਂ ਨੂੰ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ। ਇਹੋ ਹਾਲ ਪਹਿਲਾਂ ਦਿੱਲੀ ਰਾਜ ਵਿੱਚ ਸੀ। ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਬਣੀ ਤਾਂ ਉਥੇ ਬਿਜਲੀ ਕੰਪਨੀਆਂ ਦੇ ਕੰਮਾਂ ਅਤੇ ਖਾਤਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਬਿਜਲੀ ਕੰਪਨੀਆਂ ਦੀ ਸੱਤਾਧਾਰੀਆਂ ਨਾਲ ਮਿਲੀਭੁਗਤ ਨੂੰ ਬੰਦ ਕਰ ਦਿੱਤਾ ਗਿਆ ਅਤੇ ਦਿੱਲੀ ਵਾਸੀਆਂ ਨੂੰ ਮੁਫਤ ਬਿਜਲੀ ਦੇਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਹੈ, ਪਰ ਇੱਥੇ ਮਾਫੀਆ ਰਾਜ ਹੋਣ ਕਾਰਨ ਆਮ ਲੋਕ ਗਰੀਬ ਹੁੰਦੇ ਜਾ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ, ਸੀਨੀਅਰ ਆਗੂ ਅਤੇ ਜਿਲਾ ਪ੍ਰਧਾਨ ਵੀ ਮੌਜੂਦ ਸਨ।

Spread the love