ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਕੋਲੋਂ 1 ਲੱਖ ਕਰੋੜ ਰੁਪਏ ਦੀ ਮੰਗ ਨੇ ਅਰਵਿੰਦ ਕੇਜਰੀਵਾਲ ਦਾ ਝੂਠ ਬੇਨਕਾਬ ਕੀਤਾ : ਮਨਜਿੰਦਰ ਸਿੰਘ ਸਿਰਸਾ

MANJINDER SINGH SIRSA
Arvind Kejriwal’s lies exposed with demand of Rs. 1 lakh crore from Centre by Bhagwant Mann : Manjinder Singh Sirsa

ਚੰਡੀਗੜ੍ਹ, 24 ਮਾਰਚ 2022

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬੋਲਿਆ ਗਿਆ ਝੂਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੀਟਿੰਗ ਵਿਚ ਅੱਜ 1 ਲੱਖ ਕਰੋੜ ਰੁਪਏ ਦੀ ਮੰਗ ਕਰਨ ਨਾਲ ਬੇਨਕਾਬ ਹੋ ਗਿਆ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਹੋਰ ਪੜ੍ਹੋ :-ਹਲਕਾ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਵੱਖ-ਵੱਖ ਆੜ੍ਹਤੀਆ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਹਮੇਸ਼ਾ ਝੂਠ ਬੋਲਦੇ ਹਨ ਅਤੇ ਹਾਲ ਹੀ ਵਿਚ ਪੰਜਾਬ ਵਿਚ ਹੋਈਆਂ ਚੋਣਾਂ ਵਿਚ ਵੀ ਉਹਨਾਂ ਇਹੋ ਕੁਝ ਕੀਤਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਮੁਫਤ ਬਿਜਲੀ, ਮਹਿਲਾਵਾਂ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਹੋਰ ਮੁਫਤ ਸਹੂਲਤਾਂ ਪ੍ਰਦਾਨ ਕਰਨ ਲਈ ਅਨੇਕਾਂ ਗਰੰਟੀਆਂ ਦੇ ਦਿੱਤੀਆਂ। ਜਦੋਂ ਕੇਜਰੀਵਾਲ ਤੋਂ ਪੁੱਛਿਆ ਗਿਆ ਕਿ ਇਹਨਾਂ ਗਰੰਟੀਆਂ ਨੁੰ ਪੂਰਾ ਕਰਨ ਵਾਸਤੇ ਪੈਸਾ ਕਿਥੋਂ ਆਵੇਗਾ ਤਾਂ ਉਹਨਾਂ ਦਾ ਜਵਾਬ ਸੀ ਅਸੀਂ ਰੇਤ ਮਾਇਨਿੰਗ, ਆਬਕਾਰੀ ਨੀਤੀ ਤੇ ਭ੍ਰਿਸ਼ਟਾਚਾਰ ਖਤਮ ਕਰ ਕੇ ਪੈਸਾ ਬਚਾਵਾਂਗੇ।ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਬਣੇ ਨੁੰ ਹਾਲੇ ਇਕ ਹਫਤਾ ਹੀ ਹੋਇਆ ਹੈ ਕਿ ਨਵੇਂ ਮੁੱਖ ਮੰਤਰੀ ਨੇ ਆਪਣੇ ਗੁਰੂ ਅਰਵਿੰਦ

ਕੇਜਰਵਾਲ ਵੱਲੋਂ ਕੀਤੇ ਮੁਫਤ ਸਹੂਲਤਾਂ ਦੇ ਐਲਾਨ ਪੂਰੇ ਕਰਨ ਵਾਸਤੇ ਪ੍ਰਧਾਨ ਮੰਤਰੀ ਕੋਲੋਂ 1 ਲੱਖ ਕਰੋੜ ਰੁਪਏ ਮੰਗ ਲਏ ਹਨ।
ਭਾਜਪਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਨੇ ਇਹ ਦਲੀਲ ਦਿੱਤੀ ਹੈ ਕਿ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਉਹਨਾਂ ਕਿਹਾ ਕਿ ਇਹ ਤੱਥ ਸਭ ਨੁੰ ਪਤਾ ਸੀ ਤੇ ਜਦੋਂ ਅਰਵਿੰਦ ਕੇਜਰੀਵਾਲ ਨੇ  ਮੁਫਤ ਸਹੂਲਤਾਂ ਲਈ ਗਰੰਟੀਆਂ ਦਾ ਐਲਾਨ ਕੀਤਾ ਤਾਂ ਉਸ ਵੇਲੇ ਉਹਨਾਂ ਨੁੰ ਵੀ ਇਹ ਪਤਾ ਸੀ ਕਿ ਪੰਜਾਬ ਸਿਰ ਕਿੰਨਾ ਕਰਜ਼ਾ ਹੈ। ਉਹਨਾਂ ਕਿਹਾ ਕਿ ਜਦੋਂ ਇਹਨਾਂ ਨੁੰ ਪਤਾ ਸੀ ਕਿ ਸੂਬੇ ਸਿਰ ਕਿੰਨਾ ਕਰਜ਼ਾ ਹੈ ਤਾਂ ਵੀ ਇਹਨਾਂ ਉਹ ਐਲਾਨ ਕਰ ਦਿੱਤੇ ਜਿਸ ਨਾਲ ਸੁਬਾ ਹੋਰ ਕਰਜ਼ੇ ਦੀ ਮਾਰ ਹੇਠ ਆ ਜਾਵੇਗਾ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਕੋਲ ਮੰਗ ਰੱਖਣ ਦਾ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਨੂੰ ਪੂਰਾ ਹੱਕ ਹੈ ਪਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਪੈਸਾ ਮੰਗਣਾ ਬਿਲਕੁਲ ਵੀ ਵਾਜਬ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਇਹ ਮੰਗਾਂ ਮੰਨੀਆਂ ਜਾਂਦੀਆਂ ਹਨ ਤਾਂ ਫਿਰ ਇਹ ਰੁਝਾਨ ਹੀ ਬਣ ਜਾਵੇਗਾ  ਅਤੇ ਕੇਜਰੀਵਾਲ ਵਰਗੇ ਆਗੂ ਐਲਾਨ ਕਰਨ ਮਗਰੋਂ ਪੈਸਾ ਲੈਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਜਾਇਆ ਕਰਨਗੇ ਤੇ ਅਜਿਹਾ ਹੋਣਾ ਦੇਸ਼ ਲਈ ਘਾਤਕ ਹੈ। ਉਹਨਾਂ ਕਿਹਾ ਕਿ ਹੁਣ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਆ ਗਈਆਂ ਹਨ ਤਾਂ ਕੇਜਰੀਵਾਲ ਹੁਣ ਉਥੇ ਜਾ ਰਹੇ ਹਨ ਤੇ ਉਥੇ ਜਾ ਕੇ ਵੀ ਉਹੀ ਕਰਨਗੇ ਜੋ ਇਹਨਾਂ ਪੰਜਾਬ ਵਿਚ ਕੀਤਾ ਹੈ।
Spread the love