ਆਸ਼ੂ ਵੱਲੋਂ ਭਾਰਤ ਦੀ ਪਹਿਲੀ ਇੰਸਟਰਕਸ਼ਨਲ ਗਊਸ਼ਾਲਾ ਦਾ ਰੱਖਿਆ ਨੀਂਹ ਪੱਥਰ

ASHU
ASHU LAYS FOUNDATION STONE OF INDIA'S FIRST INSTRUCTIONAL GAUSHALA
ਗਡਵਾਸੂ ਵਿਖੇ 1.07 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ, 8 ਮਹੀਨਿਆਂ ‘ਚ ਹੋ ਜਾਵੇਗਾ ਮੁਕੰਮਲ

ਲੁਧਿਆਣਾ, 10 ਨਵੰਬਰ 2021

ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਵਿਖੇ ਭਾਰਤ ਦੀ ਪਹਿਲੀ ਇੰਸਟਰਕਸ਼ਨਲ ਗਊਸ਼ਾਲਾ ਦਾ ਨੀਂਹ ਪੱਥਰ ਰੱਖਿਆ।

ਹੋਰ ਪੜ੍ਹੋ :-ਉਪ ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ

1.07 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਭਾਵਸ਼ਾਲੀ ਗਊਸ਼ਾਲਾ 8 ਮਹੀਨਿਆਂ ਦੇ ਅੰਦਰ ਤਿਆਰ ਹੋ ਜਾਵੇਗੀ।

ਸ੍ਰੀ ਆਸ਼ੂ ਨੇ ਕਿਹਾ ਕਿ ਇਸ ਅਤਿ-ਆਧੁਨਿਕ ਇਮਾਰਤ ਵਿੱਚ ਗਊਸ਼ਾਲਾ ਖੇਤਰ, ਕੱਚਾ ਖੇਤਰ, ਤੂੜੀ ਦਾ ਖੇਤਰ, ਵੱਛੜਿਆਂ ਦਾ ਖੇਤਰ, ਬਿਮਾਰ ਗਾਵਾਂ ਦਾ ਖੇਤਰ, ਫੀਡ ਸਟੋਰ, ਪ੍ਰੋਸੈਸਿੰਗ ਯੂਨਿਟ, ਬਾਇਓ ਗੈਸ ਪਲਾਂਟ, ਵਰਮੀ ਕੰਪੋਸਟਿੰਗ ਪਿੱਟ, ਜੈਵਿਕ ਸਬਜ਼ੀਆਂ ਦਾ ਖੇਤਰ ਅਤੇ ਹੋਰ ਸ਼ਾਮਲ ਹੋਣਗੇ ਅਤੇ ਇਹ ਹੋਰ ਗਊਸ਼ਾਲਾਵਾਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰੇਗੀ।

ਗਡਵਾਸੂ ਵਿਖੇ ਆਪਣੀ ਕਿਸਮ ਦੀ ਪਹਿਲੀ ਗਊਸ਼ਾਲਾ ਦਾ ‘ਭੂਮੀ-ਪੂਜਨ’ ਕਰਨ ਉਪਰੰਤ ਸ੍ਰੀ ਭਾਰਤ ਭੂਸ਼ਣ ਆਸ਼ੂ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਗਊਸ਼ਾਲਾ ਪ੍ਰਬੰਧਨ ਦੇ ਕੰਮਾਂ ਵਿੱਚ ਲੱਗੇ ਲੋਕਾਂ ਨੂੰ ਸੇਧ ਦੇ ਕੇ ਇੱਕ ਮਿਸਾਲ ਵਜੋਂ ਕੰਮ ਕਰੇਗਾ ਅਤੇ ਰਾਜ ਵਿੱਚ ਗਾਵਾਂ ਦੀ ਨਸਲ ਨੂੰ ਸੁਧਾਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਇੱਕ ਢੁੱਕਵਾਂ ਹੱਲ ਵੀ ਦੇਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਗਊਸ਼ਾਲਾਵਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਸਾਧਨਾਂ ਦੀ ਘਾਟ, ਸਿੱਖਿਅਤ ਸਟਾਫ ਦੀ ਘਾਟ ਅਤੇ ਪਸ਼ੂ ਚਿਕਿਤਸਕਾਂ ਤੋਂ ਇਲਾਵਾ ਗਊਸ਼ਾਲਾ ਪ੍ਰਬੰਧਨ ਕਰਮਚਾਰੀਆਂ ਨੂੰ ਪਸ਼ੂਆਂ ਦੀ ਖੁਰਾਕ, ਰਿਹਾਇਸ਼, ਦੇਖਭਾਲ ਅਤੇ ਪ੍ਰਬੰਧਨ ਬਾਰੇ ਸਹੀ ਵਿਗਿਆਨਕ ਜਾਣਕਾਰੀ ਨਾ ਹੋਣਾ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨੇਕ ਕਾਰਜ ਵਿੱਚ ਗਡਵਾਸੂ ਨੂੰ ਹਰ ਸੰਭਵ ਸਹਿਯੋਗ ਦੇਵੇਗੀ।

ਡੀਨ ਕਾਲਜ ਆਫ ਵੈਟਰਨਰੀ ਸਾਇੰਸ ਡਾ.ਐਸ.ਪੀ.ਐਸ. ਘੁੰਮਣ ਨੇ ਦੱਸਿਆ ਕਿ ਇਸ ਗਊਸ਼ਾਲਾ ਦਾ ਉਦੇਸ਼ ਆਵਾਰਾ ਪਸ਼ੂਆਂ ਨੂੰ ਵਿਗਿਆਨਕ ਲੀਹਾਂ ‘ਤੇ ਸਵੈ-ਨਿਰਭਰ ਬਣਾਉਣਾ ਹੈ, ਜਿਸ ਵਿੱਚ ਘੱਟ ਕੀਮਤ ਵਿੱਚ ਆਰਾਮਦਾਇਕ ਰਿਹਾਇਸ਼, ਖੁਰਾਕ ਅਤੇ ਸਿਹਤ ਸਹੂਲਤਾਂ ਸ਼ਾਮਲ ਹਨ।

ਨਿਰਦੇਸ਼ਕ ਖੋਜ ਡਾ.ਜੇ.ਪੀ.ਐਸ. ਗਿੱਲ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਘੱਟ ਲਾਗਤ ਪ੍ਰਬੰਧਨ ਅਤੇ ਖੁਰਾਕ ਪ੍ਰਣਾਲੀ ਦਾ ਪ੍ਰਦਰਸ਼ਨ ਸੂਬੇ ਅਤੇ ਸਮਾਜ ਦੇ ਡੇਅਰੀ ਫਾਰਮਿੰਗ ਉਦਯੋਗ ਨੂੰ ਵੱਡੇ ਪੱਧਰ ‘ਤੇ ਮਦਦ ਕਰੇਗਾ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਰਜਿਸਟਰਾਰ ਡਾ.ਐਚ.ਐਸ.ਬੰਗਾ, ਡੀ.ਐਸ.ਡਬਲਿਊ-ਕਮ-ਈ.ਓ ਡਾ.ਐਸ.ਰਾਮਪਾਲ, ਡਾਇਰੈਕਟਰ ਪਸਾਰ ਸਿੱਖਿਆ ਡਾ.ਪੀ.ਐਸ.ਬਰਾੜ, ਡੀਨ ਪੀ.ਜੀ.ਐਸ. ਡਾ.ਐਸ.ਕੇ.ਉਪਲ, ਕੰਪਟਰੋਲਰ ਡਾ.ਅਮਰਜੀਤ ਸਿੰਘ, ਡੀਨ ਕਾਲਜ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ ਡਾ. ਰਮਨੀਕ, ਡੀਨ, ਫਿਸ਼ਰੀਜ਼ ਕਾਲਜ ਡਾ. ਮੀਰਾ ਡੀ ਆਂਸਲ, ਡੀਨ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਡਾ. ਵਾਈ.ਪੀ.ਐਸ. ਮਲਿਕ ਅਤੇ ਵੱਡੀ ਗਿਣਤੀ ਵਿੱਚ ਫੈਕਲਟੀ ਮੈਂਬਰਾਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ।