ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੋਬਾਈਲ ਵੈਨ ਅੰਮ੍ਰਿਤਸਰ ਤੋਂ ਪੁੱਜੀ ਤਰਨਤਾਰਨ

Aware voters
ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੋਬਾਈਲ ਵੈਨ ਅੰਮ੍ਰਿਤਸਰ ਤੋਂ ਪੁੱਜੀ ਤਰਨਤਾਰਨ
ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਪ੍ਰਤੀ ਪ੍ਰੇਰਿਤ ਕਰਨ ਲਈ ਟੀਕਾਕਰਣ ਕੈਂਪ ਦਾ ਪ੍ਰਬੰਧ
ਐੱਸ.ਡੀ.ਐਮ. ਰਜਨੀਸ਼ ਅਰੋੜਾ ਨੇ ਖ਼ਾਸ ਤੌਰ ‘ਤੇ ਕੀਤੀ ਸ਼ਿਰਕਤ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ  ਕੀਤਾ ਗਿਆ ਉਪਰਾਲਾ

ਤਰਨਤਾਰਨ, 04 ਫਰਵਰੀ 2022

ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਵੱਖੋ- ਵੱਖ ਥਾਵਾਂ ਉੱਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ।

ਇਸ ਲੜੀ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੋਬਾਈਲ ਵੈਨ ਤਰਨਤਾਰਨ ਪੁੱਜੀ, ਜੋ ਵੱਖੋ ਵੱਖ ਥਾਵਾਂ ‘ ਤੇ ਜਾਕੇ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ।

ਹੋਰ ਪੜ੍ਹੋ :-ਚੋਣ ਡਿਊਟੀ ਕਟਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਨਾ ਕੀਤੀ ਜਾਵੇ-ਜ਼ਿਲ੍ਹਾ ਚੋਣ ਅਫਸਰ

ਉੱਥੇ ਹੀ ਇਸ ਮੌਕੇ ਕੋਵਿਡ – 19 ਤੋਂ ਬਚਣ ਦਾ ਸੁਨੇਹਾ ਦਿੰਦਿਆਂ ਇਕ ਟੀਕਾਕਰਣ ਕੈਂਪ ਦਾ ਵੀ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਐੱਸ.ਡੀ.ਐਮ. ਰਜਨੀਸ਼ ਅਰੋੜਾ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ  ਟੀਕਾਕਰਣ ਲਈ ਆਏ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ।

ਇਸ ਮੌਕੇ ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਹਰੇਕ ਨੌਜਵਾਨ ਨੂੰ 18 ਸਾਲ ਦਾ ਹੋਣ ‘ਤੇ ਆਪਣੀ ਵੋਟ ਬਣਾਉਣ ਅਤੇ ਵੋਟ ਦੀ ਸਹੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਨੇ ਵੋਟਰਾਂ ਨੂੰ ਜਮਹੂਰੀ ਪ੍ਰੰਪਰਾਵਾਂ ਨੂੰ ਬਣਾਈ ਰੱਖਣ, ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਬਿਨਾਂ ਕਿਸੇ ਡਰ, ਭੈਅ, ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਸਬੰਧੀ ਵੀ ਅਪੀਲ ਕੀਤੀ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਚਲਾਈ ਗਈ ਇਹ ਮੋਬਾਈਲ ਵੈਨ ਅੰਮ੍ਰਿਤਸਰ ਵਿਚ ਜਾਗਰੂਕਤਾ ਅਭਿਆਨ  ਤੋਂ ਬਾਅਦ ਤਰਨਤਾਰਨ ਪੁੱਜੀ ਹੈ, ਜਿੱਥੇ ਪਿੰਡ – ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਬਹਿਰਹਾਲ ਚੋਣਾਂ ਦੌਰਾਨ ਚਲਾਈ ਗਈ ਇਸ ਪੰਜ ਦਿਨਾਂ ਮੁਹਿੰਮ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।