ਪਰਾਲੀ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਿਰੁੱਧ ਜਾਗਰੂਕਤਾ ਮੁਹਿੰਮ

CAO
ਪਰਾਲੀ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਿਰੁੱਧ ਜਾਗਰੂਕਤਾ ਮੁਹਿੰਮ
‘ਪਰਾਲੀ ਨੂੰ ਖੇਤ ਵਿੱਚ ਮਿਲਾਓ, ਉੱਗਣ ਸ਼ਕਤੀ ਹੋਰ ਵਧਾਓ’
‘ਬਚੇ ਖਾਦ ਰੂੜੀ ਦੇ ਖਰਚੇ’ ਰੇਹ ਪਾਉਣ ਜੀਰੀ ਦੇ ਕਰਚੇ’
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੰਧਾਂ ‘ਤੇ ਲਿਖਵਾਏ ਨਾਅਰੇ ਬਣੇ ਖਿੱਚ ਦਾ ਕੇਂਦਰ
ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਕੇ ਇਸਨੂੰ ਖੇਤਾਂ ਵਿੱਚ ਹੀ ਮਿਲਾਉਣ ਤਰਜ਼ੀਹ ਦੇਣ-ਡਿਪਟੀ ਕਮਿਸ਼ਨਰ

ਪਟਿਆਲਾ, 12 ਅਕਤੂਬਰ 2021

”ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਕਰਕੇ ਜਿੱਥੇ ਮਨੁੱਖੀ ਸਿਹਤ ਸਾਂਹ ਸਮੇਤ ਹੋਰ ਘਾਤਕ ਬਿਮਾਰੀਆਂ ਦੀ ਸ਼ਿਕਾਰ ਬਣਦੀ ਹੈ, ਉਥੇ ਹੀ ਜਮੀਨ ਵਿਚਲੇ ਮਿੱਤਰ ਕੀੜਿਆਂ ਦੇ ਸਾੜੇ ਜਾਣ ਸਮੇਤ ਹੋਰ ਪਸ਼ੂ-ਪੰਛੀ ਵੀ ਇਸਦੀ ਲਪੇਟ ‘ਚ ਆਉਣ ਕਰਕੇ ਅਲੋਪ ਹੋਣ ਦੀ ਕਗਾਰ ‘ਤੇ ਪੁੱਜ ਜਾਂਦੇ ਹਨ। ਐਨਾ ਹੀ ਨਹੀਂ ਸਮੁੱਚਾ ਵਾਤਾਵਰਣ ਵੀ ਗੰਧਲਾ ਹੋਣ ਕਰਕੇ ਸਾਡੇ ਜੀਵਨ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।” ਇਹ ਸਭ ਗੱਲਾਂ ਪਿੰਡਾਂ ਦੀਆਂ ਸੱਥਾਂ ਅਤੇ ਧਾਰਮਿਕ ਸਥਾਨਾਂ ਵਿਖੇ ਬੈਠੇ ਲੋਕਾਂ ‘ਚ ਹੁੰਦੀਆਂ ਹਨ, ਕਿਉਂਕਿ ਪੰਜਾਬ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਇਹ ਜਾਣਕਾਰੀ ਲੋਕਾਂ ਤੱਕ ਪੁੱਜਦੀ ਕਰ ਰਿਹਾ ਹੈ।

ਹੋਰ ਪੜ੍ਹੋ :-ਨਸ਼ੇ ਦੀ ਦਲਦਲ ਵਿਚ ਫਸੇ ਪੀੜਤਾਂ ਨੂੰ ਬਾਹਰ ਕੱਢਣ ਲਈ ਕੀਤੇ ਜਾਣ ਯਤਨ-ਡਾ.ਰਾਜਿੰਦਰ ਅਰੋੜਾ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਿਰੁੱਧ ਜਾਗਰੂਕ ਕਰਨ ਲਈ ਇੱਕ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਹਰ ਪਿੰਡ ‘ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਦੋਂਕਿ ਵਿਭਾਗ ਵੱਲੋਂ 10 ਹਜ਼ਾਰ ਪੈਂਫਲੇਟ ਵੰਡੇ ਜਾ ਰਹੇ ਹਨ।

ਇਸ ਤੋਂ ਬਿਨ੍ਹਾਂ ਸਰਕਾਰ ਦੀ (ਸੀ.ਆਰ.ਐਮ) ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਸਬੰਧੀਂ ਸਕੀਮ ਹੇਠਾਂ ਮਸ਼ੀਨਰੀ ਉਪਰ ਸਬਸਿਡੀ ਸਕੀਮ ਤਹਿਤ ਇਹ ਮਸ਼ੀਨਰੀ ਹੈਪੀ ਸੀਡਰ, ਮਲਚਰ, ਜ਼ੀਰੋ ਟਿਲ, ਸੁਪਰ ਸਟਰਾ ਐਸ.ਐਮ.ਐਸ., ਰਿਵਰਸਲ ਮੋਲਡ ਬੋਰਡ ਹਲ ਅਤੇ ਚੌਪਰ ਆਦਿ ਇਕੱਲੇ ਕਿਸਾਨ ਨੂੰ 40 ਫੀਸਦੀ ਅਤੇ ਸਹਿਕਾਰੀ ਸਭਾ ਤੇ ਸਮੂਹ ਨੂੰ 80 ਫੀਸਦੀ ਤੱਕ ਸਬਸਿਡੀ ‘ਤੇ ਉਪਲਬਧ ਕਰਵਾਈ ਜਾਂਦੀ ਹੈ, ਜਦੋਂਕਿ ਜ਼ਿਲ੍ਹੇ ਦੇ 6 ਖੇਤੀਬਾੜੀ ਬਲਾਕਾਂ ਦੇ ਹਰ ਪਿੰਡਾਂ ‘ਚ ਕੈਂਪ ਲਾਉਣ ਦੀ ਸਕੀਮ ਤਹਿਤ ਹੁਣ ਤਕ 120 ਕੈਂਪ ਲੱਗ ਚੁੱਕੇ ਹਨ।


ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਗਤੀਵਿਧੀਆਂ ਦੀ ਅਗਵਾਈ ਕਰ ਰਹੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਹੀ ਗਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ। ਇਸਤੋਂ ਬਿਨ੍ਹਾਂ ਅਗਲੀ ਫ਼ਸਲ ਲਈ ਖਾਦਾਂ ਦੀ ਵਰਤੋਂ ਘਟਣ ਕਰਕੇ ਖਰਚੇ ਬਚਦੇ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਹਰ ਪਿੰਡ ‘ਚ ਕੰਧਾਂ ‘ਤੇ ਲਿਖਵਾਏ ਜਾ ਰਹੇ ਨਾਅਰੇ, ‘ਪਰਾਲੀ ਨੂੰ ਖੇਤ ਵਿੱਚ ਮਿਲਾਓ, ਉੱਗਣ ਸ਼ਕਤੀ ਹੋਰ ਵਧਾਓ’, ‘ਬਚੇ ਖਾਦ ਰੂੜੀ ਦੇ ਖਰਚੇ ਰੇਹ ਪਾਉਣ ਜੀਰੀ ਦੇ ਕਰਚੇ’ ਤੇ ‘ਪਰਾਲੀ ਨੂੰ ਖੇਤਾਂ ਵਿੱਚ ਮਿਲਾਓ, ਖੇਤਾਂ ਦੀ ਉਜਾਊ ਸ਼ਕਤੀ ਵਧਾਓ’ ਆਦਿ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲੀ ਵਿਦਿਆਰਥੀ ਝੋਨੇ ਦੀ ਪਰਾਲੀ ਨੂੰ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਅੱਗੇ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਇਸਦੇ ਕੀ-ਕੀ ਨੁਕਸਾਨ ਹਨ।

ਫੋਟੋ ਕੈਪਸ਼ਨ- ਪਿੰਡਾਂ ‘ਚ ਕੰਧਾਂ ‘ਤੇ ਲਿਖਵਾਈਆਂ ਲਾਇਨਾਂ ਅਤੇ ਕੈਂਪਾਂ ਦੀ ਫਾਇਲ ਤਸਵੀਰ।

Spread the love