ਕਰੋਨਾ ਮਰੀਜ਼ਾਂ ਲਈ ਸਹਾਈ ਹੋਵੇਗਾ ਆਕਸੀਜਨ ਕੰਸਨਟ੍ਰੇਟਰ ਬੈਂਕ: ਤੇਜ ਪ੍ਰਤਾਪ ਸਿੰਘ ਫੂਲਕਾ
ਬਰਨਾਲਾ, 26 ਮਈ 2021
ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਕਰੋਨਾ ਪ੍ਰਭਾਵਿਤ ਅਜਿਹੇ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਬੈਂਕ ਸਥਾਪਿਤ ਕੀਤਾ ਗਿਆ ਹੈ, ਜਿਨਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟ ਮਿਲ ਗਈ ਹੋਵੇ ਜਾਂ ਠੀਕ ਹੋਏ ਮਰੀਜ਼ ਜਿਨਾਂ ਨੂੰ ਆਕਸੀਜਨ ਦੀ ਲੋੜ ਹੋਵੇ।
ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਦੇ ਪ੍ਰਧਾਨ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਆਕਸੀਜਨ ਕੰਸਨਟ੍ਰੇਟਰ 10 ਦਿਨਾਂ ਲਈ 200 ਰੁਪਏ ਪ੍ਰਤੀ ਦਿਨ ਕਿਰਾਏ ’ਤੇ ਦਿੱਤਾ ਜਾਵੇਗਾ। ਜਦੋਂ ਮਰੀਜ਼ ਸਿਹਤਯਾਬ ਹੋ ਜਾਵੇਗਾ ਤਾਂ ਉਸ ਨੂੰ ਇਹ ਕੰਸਨਟ੍ਰੇਟਰ ਵਾਪਸ ਕਰਨਾ ਲਾਜ਼ਮੀ ਹੋਵੇਗਾ। ਜੇਕਰ ਇਹ ਕੰਸਨਟ੍ਰੇਟਰ 10 ਦਿਨ ਤੋਂ ਵੱਧ ਸਮੇਂ ਲਈ ਚਾਹੀਦਾ ਹੈ ਤਾਂ ਸਬੰਧਤ ਡਾਕਟਰ ਦੀ ਸਲਾਹ ’ਤੇ ਦਿੱਤਾ ਜਾ ਸਕੇਗਾ।
ਸ. ਫੂਲਕਾ ਨੇ ਦੱਸਿਆ ਕਿ ਆਕਸੀਜਨ ਕੰਸਨਟ੍ਰੇਟਰ ਦੀ ਕੀਮਤ ਜ਼ਿਆਦਾ ਹੋਣ ਕਰ ਕੇ ਹਰ ਕੋਈ ਇਸ ਦਾ ਪ੍ਰਬੰਧ ਨਹੀਂ ਕਰ ਸਕਦਾ, ਇਸ ਲਈ ਸੁਸਾਇਟੀ ਵੱਲੋਂ ਬੈਂਕ ਸਥਾਪਿਤ ਕੀਤਾ ਗਿਆ ਹੈ, ਜੋ ਕੋਵਿਡ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗਾ। ਇਕ ਕੰਸਨਟ੍ਰੇਟਰ ਵਾਸਤੇ 10 ਹਜ਼ਾਰ ਰੁਪਏ ਸਕਿਉਰਿਟੀ ਹੋਵੇਗੀ, ਜੋ ਕਿ ਵਾਪਸ ਕਰਨ ਯੋਗ ਹੋਵੇਗੀ।
ਉਨਾਂ ਦੱਸਿਆ ਕਿ ਇਸ ਆਕਸੀਜਨ ਕੰਸਨਟ੍ਰੇਟਰ ਮਸ਼ੀਨ ਵਾਸਤੇ ਪਰਿਵਾਰ ਨੂੰ ਮਸ਼ੀਨ ਦੀ ਜ਼ਰੂਰਤ ਵਾਸਤੇ ਅੰਡਰਟੇਕਿੰਗ ਦੇਣੀ ਹੋਵੇਗੀ ਅਤੇ ਨਾਲ ਡਾਕਟਰ ਦੀ ਸਲਿੱਪ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਡਾਕਟਰ ਇਸ ਮਸ਼ੀਨ ਨੂੰ ਸਹੀ ਚਲਾਉਣ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਜਿੰਮੇਵਾਰ ਹੋਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 99880-70112 ਜਾਂ 94174-53012 ’ਤੇ ਸੰਪਰਕ ਕੀਤਾ ਜਾ ਸਕਦਾ ਹੈ।