ਬਰਨਾਲਾ ਦੇ ਕੌਰ ਸਿੰਘ ਨੇ ਪੂਰੇ ਪਰਿਵਾਰ ਨੂੰ ਦਿੱਤੀ ਖੇਡਾਂ ਦੀ ਗੁੜਤੀ

–ਪੁੱਤ-ਨੂੰਹ ਤੇ ਦੋ ਪੋਤੀਆਂ ਸਮੇਤ ਲੈ ਰਹੇ ਹਨ ਖੇਡਾਂ ’ਚ ਹਿੱਸਾ
—-ਅਜਿਹੇ ਪਰਿਵਾਰ ਹੋਰਨਾਂ ਲਈ ਪ੍ਰੇਰਨਾਸ੍ਰੋਤ: ਮੀਤ ਹੇਅਰ
ਬਰਨਾਲਾ, 13 ਸਤੰਬਰ :-  


ਖੇਡਾਂ ਨੂੰ ਪ੍ਰਫੁੱਲਿਤ ਕਰ ਕੇ ਕੌਮਾਂਤਰੀ ਪੱਧਰ ’ਤੇ ਵਤਨ ਪੰਜਾਬ ਦਾ ਨਾਮ ਚਮਕਾਉਣ ਅਤੇ ਨਾਮੀ ਖਿਡਾਰੀ ਪੈਦਾ ਕਰਨ ਦੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਸੋਚ ਸਦਕਾ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਲਈ ਹਰ ਉਮਰ ਵਰਗ ਵਿੱਚ ਭਾਰੀ ਉਤਸ਼ਾਹ ਹੈ। ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਜ਼ਿਲਾ ਬਰਨਾਲਾ ਵਿੱਚ ਪੂਰੇ-ਪੂਰੇ ਪਰਿਵਾਰ ਇਸ ਮਹਾਂਕੁੰਭ ਵਿਚ ਕੁੱਦੇ ਹੋਏ ਹਨ, ਜੋ ਹੁਣ ਜ਼ਿਲਾ ਪੱਧਰੀ ਖੇਡਾਂ ’ਚ ਜੌਹਰ ਦਿਖਾਉਣਗੇ।
ਬਰਨਾਲਾ ਸ਼ਹਿਰ ਦਾ ਇਕ ਅਜਿਹਾ ਪਰਿਵਾਰ ਇਨਾਂ ਖੇਡਾਂ ਦਾ ਹਿੱਸਾ ਬਣਿਆ ਹੋਇਆ ਹੈ, ਜਿਸ ਦੀਆਂ ਤਿੰਨ ਪੀੜੀਆਂ ਦੇ ਪੰਜ ਖਿਡਾਰੀ ਪਤੀ-ਪਤਨੀ, ਦਾਦਾ ਤੇ ਦੋ ਪੋਤੀਆਂ ਹਿੱਸਾ ਲੈ ਰਹੇ ਹਨ। ਇਸ ਪਰਿਵਾਰ ਦਾ ਮੁੱਖ ਮੈਂਬਰ ਸਾਬਕਾ ਫੌਜੀ ਸਰਦਾਰ ਕੌਰ ਸਿੰਘ (ਧਾਇਆ) 70+ ਅਥਲੀਟ ’ਚ ਕੌਮੀ ਪੱਧਰ ਦੇ ਵੈਟਰਨ ਵਰਗ ਮੁਕਾਬਲਿਆਂ ’ਚ ਨਾਮਣਾ ਖੱਟ ਚੁੱਕਿਆ ਹੈ। ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਹੈਮਰ ਥਰੋ ਤੇ ਜੈਵਲਿਨ ਥਰੋ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਉਹ ਜ਼ਿਲਾ ਪੱਧਰ ’ਤੇ ਹਿੱਸਾ ਲਵੇਗਾ। ਕੌਰ ਸਿੰਘ ਫੌਜ ਅਤੇ ਪੰਜਾਬ ਨੈਸ਼ਨਲ ਬੈਂਕ ’ਚੋਂ ਸੇਵਾਮੁਕਤ ਹੋ ਚੁੱਕੇ ਹਨ ਅਤੇ ਪਿਛਲੇ ਕਰੀਬ 15 ਸਾਲ ਤੋਂ ਹਰ ਸਾਲ ਕੌਮੀ ਪੱਧਰ ’ਤੇ ਤਗਮੇ ਜਿੱਤਦੇ ਆ ਰਹੇ ਹਨ। ਫੌਜ ’ਚ ਸੇਵਾਵਾਂ ਦੌਰਾਨ ਉਹ ਬਾਸਕਿਟਬਾਲ ਵੀ ਖੇਡਦੇ ਰਹੇ ਹਨ ਤੇ 1967 ’ਚ ਫੌਜ ਦੀ ਨੌਕਰੀ ਦੌਰਾਨ ਪਾਕਿਸਤਾਨ ’ਚ ਕੌਮਾਂਤਰੀ ਮੁਕਾਬਲੇ ’ਚ ਲੰਬੀ ਛਾਲ ਤੇ ਟਿ੍ਰਪਲ ਜੰਪ ’ਚ ਹਿੱਸਾ ਲਿਆ।
ਕੌਰ ਸਿੰਘ ਦਾ ਪੁੱਤ ਜਸਵੰਤ ਸਿੰਘ (ਜੱਸੀ) ਵੀ ਬੈਡਮਿੰਟਨ ਦਾ ਕੌਮੀ ਪੱਧਰ ਦਾ ਖਿਡਾਰੀ ਹੈ, ਜੋ ਜ਼ਿਲਾ ਪੱਧਰੀ ਖੇਡਾਂ ’ਚ ਹਿੱਸਾ ਲਵੇਗਾ। ਕੌਮੀ ਪੱਧਰ ਦਾ ਖਿਡਾਰੀ ਜਸਵੰਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ’ਚ ਕੰਪਿਊਟਰ ਅਧਿਆਪਕ ਹੋਣ ਦੇ ਨਾਲ ਨਾਲ ਬੈਡਮਿੰਟਨ ਦਾ ਕੋਚ ਹੈ। ਖੁਦ ਖੇਡਾਂ ’ਚ ਹਿੱਸਾ ਲੈਣ ਦੇ ਨਾਲ ਨਾਲ ਉਸ ਦੀ ਪਤਨੀ ਤੇ ਦੋ ਧੀਆਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ। ਜਸਵੰਤ ਸਿੰਘ 40+ ਬੈਡਮਿੰਟਨ ਅਤੇ ਉਨਾਂ ਦੀ ਪਤਨੀ ਹਰਜਿੰਦਰ ਕੌਰ 40+ (ਸੂਬਾਈ ਪੱਧਰ ਤੱਕ ਖੇਡ ਚੁੱਕੇ) ਅਤੇ ਦੋਵੇਂ ਧੀਆਂ ਖੁਸ਼ਦੀਪ ਕੌਰ (12 ਸਾਲ) ਅਤੇ ਬਵਨਜੋਤ ਕੌਰ (9 ਸਾਲ) ਸੂਬਾਈ ਪੱਧਰ ’ਤੇ ਖੇਡ ਚੁੱਕੀਆਂ ਹਨ ਤੇ ਹੁਣ ਅੰਡਰ-14 ਬੈਡਮਿੰਟਨ ਵਿੱਚ ਜ਼ਿਲਾ ਪੱਧਰ ’ਤੇ ਭਾਗ ਲੈਣਗੀਆਂ।
ਕੌਰ ਸਿੰਘ ਵੱਲੋਂ ਆਪਣੇ ਪੂਰੇ ਪਰਿਵਾਰ ਨੂੰ ਖੇਡਾਂ ਦੀ ਗੁੜਤੀ ਦੇਣ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਸੂਬੇ ਦੇ ਹਰ ਘਰ ’ਚੋਂ ਉਘੇ ਖਿਡਾਰੀ ਪੈਦਾ ਹੋਣ ਤਾਂ ਜੋ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰ ਕੇ ਇਸ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਦਾ ਇਹ ਪਰਿਵਾਰ ਬਾਕੀ ਪਰਿਵਾਰਾਂ ਲਈ ਪ੍ਰੇਰਨਾਸ੍ਰੋਤ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਜਸਵੰਤ ਸਿੰਘ ਦੇ ਪਰਿਵਾਰ ਨੂੰ ਜ਼ਿਲਾ ਪੱੱਧਰੀ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਲਈ ਨੌਜਵਾਨਾਂ ਅਤੇ ਵਡੇਰਿਆਂ ਵਿਚ ਭਾਰੀ ਉਤਸ਼ਾਹ ਹੈ, ਜੋ ਕਿ ਖੇਡ ਸੱਭਿਆਚਾਰ ਦੀ ਬਹਾਲੀ ਲਈ ਸ਼ੁੱਭ ਸ਼ਗਨ ਹੈ।
ਗੋਡੇ ਦੀ ਸਮੱਸਿਆ ਕਰ ਕੇ ਟਿ੍ਪਲ ਜੰਪ ਛੱਡਿਆ ਤਾਂ ਜੈਵਲਿਨ ਥ੍ਰੋ ਤੇ ਹੈਮਰ ਥ੍ਰੋ ਦਾ ਪੱਲਾ ਫੜਿਆ

ਵੈਟਰਨ ਅਥਲੀਟ ਕੌਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਟਿ੍ਪਲ ਜੰਪ ਲਾਉਦੇ ਸਨ, ਪਰ ਕੁਝ ਸਾਲ ਪਹਿਲਾਂ ਇਕ ਸੜਕ ਹਾਦਸੇ ਤੋਂ ਬਾਅਦ ਉਨਾਂ ਦੇ ਗੋਡੇ ’ਚ ਸਮੱਸਿਆ ਆ ਗਈ, ਪਰ ਉਨਾਂ ਨੇ ਖੇਡਾਂ ਦਾ ਲੜ ਨਹੀਂ ਛੱਡਿਆ। ਉਹ ਟਿ੍ਰਪਲ ਜੰਪ ਦੀ ਥਾਂ ਜੈਵਲਿਨ ਥ੍ਰੋ ਤੇ ਹੈਮਰ ਥ੍ਰੋ ਵੱਲ ਆ ਗਏ ਅਤੇ ਕਰੀਬ 15 ਸਾਲਾਂ ਤੋਂ ਹਰ ਸਾਲ ਕੌਮੀ ਖੇਡਾਂ ’ਚ ਹਿੱਸਾ ਲੈ ਕੇ ਤਗਮੇ ਜਿੱਤਦੇ ਆ ਰਹੇ ਹਨ।

Spread the love