ਸ਼ਹਿਦ ਦੀ ਪ੍ਰ੍ਰਸੈਸਿੰਗ ਕਰ ਕੇ ਵੱਧ ਮੁੁਨਾਫਾ ਕਮਾਉਣ ਬਾਰੇ ਦੱਸਿਆ
ਹੰਡਿਆਇਆ/ਬਰਨਾਲਾ, 25 ਸਤੰਬਰ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਬਰਨਾਲਾ ਵੱਲੋਂ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਲਾਇਆ ਗਿਆ।
ਉਨਾਂ ਦੱਸਿਆ ਕਿ ਸ਼ਹਿਦ ਦੀ ਮੱਖੀ ਪਾਲਣ ਕਿੱਤੇ ਵਿੱਚ ਸਵੈ-ਰੋਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਕੇਵੀਕੇ ਵਿਖੇ ਸ਼ਹਿਦ ਪ੍ਰੋਸੈਸਿੰਗ ਪਲਾਂਟ ਲਾਇਆ ਗਿਆ ਹੈ, ਜਿਸ ਵਿੱਚ ਕਿਸਾਨ ਸ਼ਹਿਦ ਦੀ ਪ੍ਰੋਸੈਸਿੰਗ ਕਰ ਸਕਦੇ ਹਨ ਅਤੇ ਉਸ ਤੋਂ ਬਾਅਦ ਸ਼ਹਿਦ ਦੀ ਪੈਕਿੰਗ ਕਰਕੇ ਵੱਧ ਮੁਨਾਫ਼ਾ ਕਮਾ ਸਕਦੇ ਹਨ। ਉਨਾਂ ਦੱਸਿਆ ਕਿ ਇੱਥੋਂ ਟ੍ਰੇਨਿੰਗ ਲੈ ਕੇ ਕਿਸਾਨ ਮਧੂ ਮੱਖੀ ਪਾਲਣ ਵਿੱਚ ਵਧੀਆ ਕੰਮ ਕਰ ਰਹੇ ਹਨ, ਜਿਸ ਵਿੱਚ ਕਈ ਕਿਸਾਨਾਂ ਕੋਲ 300 ਤੋਂ 1200 ਮਧੂ ਮੱਖੀ ਦੇ ਬਕਸੇ ਵੀ ਹਨ। ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਸਵੈ-ਸਹਾਇਤਾ ਸਮੂਹ ਬਣਾ ਕੇ ਕਿਸਾਨ ਵੱਧ ਮੁਨਾਫ਼ਾ ਕਮਾ ਸਕਦੇ ਹਨ।
ਉਨਾਂ ਕਿ੍ਰਸ਼ੀ ਵਿਗਿਆਨ ਕੇਂਦਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵੀ ਦੱਸਿਆ। ਉਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਧੰਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕੇਵੀਕੇ ਨਾਲ ਸੰਪਰਕ ਕਰ ਸਕਦੇ ਹਨ। ਇਸ ਟ੍ਰੇਨਿੰਗ ਦੌਰਾਨ ਡਾ. ਕਮਲਦੀਪ ਸਿੰਘ ਮਠਾੜੂ, ਸਹਾਇਕ ਪ੍ਰੋਫੈਸਰ, ਪੌਦ ਸੁਰੱਖਿਆ, ਕੇ ਵੀ ਕੇ ਫ਼ਰੀਦਕੋਟ ਨੇ ਸ਼ਹਿਦ ਮੱਖੀ ਦੀਆਂ ਪ੍ਰਜਾਤੀਆਂ, ਮੌਸਮੀ ਸਾਂਭ-ਸੰਭਾਲ, ਰਾਣੀ ਮੱਖੀ ਦਾ ਜੀਵਣ ਚੱਕਰ, ਮੱਖੀਆਂ ਦੀ ਖੁਰਾਕ ਅਤੇ ਸ਼ਹਿਦ ਕੱਢਣ ਬਾਰੇ ਦੱਸਿਆ। ਡਾ. ਹਰਜੋਤ ਸਿੰਘ ਸੋਹੀ, ਸਹਾਇਕ ਪ੍ਰੋਫੈਸਰ, ਬਾਗਬਾਨੀ ਨੇ ਪੰਜਾਬ ਵੱਖ-ਵੱਖ ਮੌਸਮਾਂ ਵਿੱਚ ਮਿਲਣ ਵਾਲੇ ਫੁੱਲ-ਫਲਾਂ ਬਾਰੇ ਜਾਣਕਾਰੀ ਦਿੱਤੀ। ਇਸ ਕਿੱਤਾਮੁਖੀ ਟ੍ਰੇਨਿੰਗ ਵਿੱਚ ਤਿੰਨ ਜ਼ਿਲਿਆਂ ਤੋਂ 46 ਕਿਸਾਨਾਂ, ਮਹਿਲਾਵਾਂ ਅਤੇ ਬੇਰੋਜ਼ਗਾਰ ਨੌਜਵਾਨਾ ਨੇ ਭਾਗ ਲਿਆ।