ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ 25 ਜਨਵਰੀ ਤੋਂ, ਜ਼ਿਲ੍ਹਾ ਰੂਪਨਗਰ ਵਿੱਚ ਪ੍ਰਬੰਧ ਮੁਕੰਮਲ

SONALI GIRI
ਖਰਚਾ ਅਬਜ਼ਰਵਰ 10 ਫਰਵਰੀ ਨੂੰ ਉਮੀਦਵਾਰਾਂ ਦੇ ਰਿਕਾਰਡ ਦਾ ਨਿਰੀਖਣ ਕਰਨਗੇ
ਪੰਜਾਬ ਵਿਧਾਨ ਸਭਾ ਚੋਣਾਂ 2022
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਵੇਰਵਾ ਅਤੇ ਹਦਾਇਤਾਂ ਜਾਰੀ
ਆਫਲਾਈਨ ਵੀ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ
ਰੂਪਨਗਰ, 24 ਜਨਵਰੀ 2022
20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਰੂਪਨਗਰ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦਿੱਤੀ।

ਹੋਰ ਪੜ੍ਹੋ :-25 ਜਨਵਰੀ ਨੂੰ ‘ਰਾਸ਼ਟਰੀ ਵੋਟਰ ਦਿਵਸ’ ਵਰਚੁਅਲ ਤਰੀਕੇ ਨਾਲ ਮਨਾਇਆ ਜਾਵੇਗਾ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ

ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਕ 25 ਜਨਵਰੀ, 2022 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ-2022 ਲਈ ਉਮੀਦਵਾਰ, 49 ਸ਼੍ਰੀ ਅਨੰਦਪੁਰ ਸਾਹਿਬ ਲਈ ਕੋਰਟ ਰੂਮ, ਐਸ.ਡੀ.ਐਮ. ਦਫਤਰ, ਤਹਿਸੀਲ ਕੰਪਲੈਕਸ, 50 ਰੂਪਨਗਰ ਕੋਰਟ ਰੂਮ, ਐਸ.ਡੀ.ਐਮ. ਦਫਤਰ ਅਤੇ 51 ਚਮਕੌਰ ਸਾਹਿਬ ਲਈ ਕੋਰਟ ਰੂਮ, ਐਸ.ਡੀ.ਐਮ. ਦਫਤਰ ਵਿਖੇ ਆਪਣੀ ਨਾਮਜ਼ਦਗੀ ਭਰ ਸਕਦੇ ਹਨ।
ਉਹਨਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ। ਉਹਨਾਂ ਕਿਹਾ ਕਿ ਨਾਮਜ਼ਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਨਾਲ ਅੰਦਰ ਰਿਟਰਨਿੰਗ ਅਫ਼ਸਰ ਕੋਲ ਜਾ ਸਕਦੇ ਹਨ। ਇਸ ਤੋਂ ਇਲਾਵਾ 100 ਮੀਟਰ ਦੇ ਦਾਇਰੇ ਦੇ ਬਾਹਰ ਸਿਰਫ ਦੋ ਵਾਹਨ ਹੀ ਰੱਖੇ ਜਾ ਸਕਦੇ ਹਨ।
ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ/ਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/ ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪ੍ਰਿੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ’ਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ।
ਉਹਨਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ।
Spread the love