ਕਿਹਾ, 28 ਅਤੇ 29 ਅਕਤੂਬਰ ਨੂੰ ਸਬ ਡਵੀਜ਼ਨ ਅਤੇ ਜ਼ਿਲ੍ਹਾ ਪੱਧਰ ’ਤੇ ਲਗਾਏ ਜਾ ਰਹੇ ਸੁਵਿਧਾ ਕੈਂਪਾ ਵਿੱਚ ਵੀ ਲਿਆ ਜਾ ਸਕਦਾ ਹੈ ਲਾਭ
ਜਲੰਧਰ 19 ਅਕਤੂਬਰ 2021
ਪੰਜਾਬ ਸਰਕਾਰ ਵਲੋਂ ਦੋ ਕਿਲੋਵਾਟ ਦੇ ਕੁਨੈਕਸ਼ਨਾਂ ਵਾਲੇ ਲੋੜਵੰਦ ਲਾਭਪਾਤਰੀਆਂ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਗਏ ਹਨ ਅਤੇ ਸਰਕਾਰ ਦੀ ਇਸ ਸਹੂਲਤ ਨੂੰ ਜ਼ਿਲ੍ਹਾ ਜਲੰਧਰ ਵਿਖੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ।
ਹੋਰ ਪੜ੍ਹੋ :-ਜ਼ਿਲਾ ਐਸਏਐਸ ਨਗਰ ਵਿੱਚ ਲਗਾਇਆ ਗਿਆ ਕ੍ਰੈਡਿਟ ਆਊਟਰੀਚ ਕੈਂਪ
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਦੋ ਕਿਲੋਵਾਟ ਨਾਲ ਸਬੰਧਿਤ ਲਾਭਪਾਤਰੀ ਆਪਣੇ ਬਕਾਇਆ ਬਿੱਲ ਮੁਆਫ਼ ਕਰਵਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੁਵਿਧਾ ਸੈਂਟਰਾਂ ਵਿੱਚ ਦਫ਼ਤਰੀ ਸਮੇਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਕਰੀਬ ਇਕ ਲੱਖ ਲਾਭਪਾਤਰੀਆਂ ਨੁੂੰ ਇਸ ਸਹੂਲਤ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਜਲੰਧਰ ਸਰਕਲ ਅਧੀਨ ਪੈਂਦੀਆਂ ਡਿਵੀਜ਼ਨਾਂ ਵੈਸਟ ਡਿਵੀਜ਼ਨ ਦਫ਼ਤਰ ਮਕਸੂਦਾਂ, ਮਾਡਲ ਟਾਊਨ ਡਿਵੀਜ਼ਨ ਦੇ ਦਫ਼ਤਰ ਨੇੇੜੇ ਹੰਸ ਰਾਜ ਸਟੇਡੀਅਮ ,ਪੂਰਬੀ ਡਿਵੀਜ਼ਨ ਦੇ ਫੋਕਲ ਪੁਆਇੰਟ ਦਫ਼ਤਰ ਪਠਾਨਕੋਟ ਬਾਈਪਾਸ ਅਤੇ ਕੈਂਟ ਡਿਵੀਜ਼ਨ ਦੇ ਬੜਿੰਗਾ ਵਿਖੇ ਪਹੁੰਚ ਕਰ ਸਕਦੇ ਸਨ।
ਸ੍ਰੀ ਥੋਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਸੁਵਿਧਾ ਸੈਂਟਰਾ ਤੋਂ ਇਲਾਵਾ 28 ਅਤੇ 29 ਅਕਤੂਬਰ ਨੂੰ ਸਬ ਡਵੀਜ਼ਨ ਅਤੇ ਜ਼ਿਲ੍ਹਾ ਪੱਧਰ ’ਤੇ ਲਗਾਏ ਜਾ ਰਹੇ ਸੁਵਿਧਾ ਕੈਂਪਾ ਵਿੱਚ ਜਾ ਕੇ ਵੀ ਇਸ ਸਹੂਲਤ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਲੈਣ ਲਈ ਕੋਈ ਅੰਤਿਮ ਮਿਤੀ ਨਿਸ਼ਚਿਤ ਨਹੀਂ ਕੀਤੀ ਗਈ ਹੈ।
ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੋ ਕਿਲੋਵਾਟ ਤੱਕ ਦੇ ਬਿੱਲਾਂ ਸਬੰਧੀ ਜੇਕਰ ਕੋਈ ਜਾਣਕਾਰੀ ਲੋੜੀਂਦੀ ਹੈ ਤਾਂ ਵੀ ਪੀ.ਐਸ.ਪੀ.ਸੀ.ਐਲ ਦੇ ਉਕਤ ਸੁਵਿਧਾ ਸੈਂਟਰਾ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਬੰਧੀ ਯਕੀਨੀ ਬਣਾਇਆ ਜਾਵੇ ਕਿ ਯੋਗ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ , ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਬੈਂਸ,ਐਸ.ਡੀ.ਐਮ ਜਲੰਧਰ-1 ਸ੍ਰੀ ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ.ਜਲੰਧਰ-2 ਸ੍ਰੀ ਬਲਬੀਰ ਰਾਜ ਸਿੰਘ, ਐਸ.ਡੀ.ਐਮ.ਸ਼ਾਹਕੋਟ ਸ੍ਰੀ ਲਾਲ ਵਿਸ਼ਵਾਸ, ਐਸ.ਡੀ.ਐਮ. ਨਕੋਦਰ ਮੈਡਮ ਪੂਨਮ ਸਿੰਘ, ਸਹਾਇਕ ਕਮਿਸ਼ਨਰ(ਅੰਡਰ ਟਰੇਨਿੰਗ) ਸ੍ਰੀ ਓਜਸਵੀ ਅਲੰਕਾਰ, ਸਹਾਇਕ ਕਮਿਸ਼ਨਰ(ਜਨਰਲ) ਸ੍ਰੀ ਹਰਦੀਪ ਸਿੰਘ, ਸੀਨੀਅਰ ਐਕਸੀਅਨ ਪੀ.ਐਸ.ਪੀ.ਸੀ.ਐਲ ਡਵੀਜ਼ਨ ਵੈਸਟ ਸ੍ਰੀ ਸੰਨੀ ਭਾਗਰਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।