ਭਾਰਤ ਭੂਸ਼ਣ ਆਸ਼ੂ ਵੱਲੋਂ ਲੁਧਿਆਣਾ ‘ਚ ਆਧੁਨਿਕ ਅੱਗ ਬੁਝਾਊ ਤੇ ਬਚਾਅ ਬੁਨਿਆਦੀ ਢਾਂਚਾ ਕੀਤਾ ਸਮਰਪਿਤ

ਸਮਾਰਟ ਸਿਟੀ ਸਕੀਮ ਅਧੀਨ, ਉਪਕਰਣਾਂ ਦੀ ਖਰੀਦ ‘ਤੇ ਕੀਤੇ 3.28 ਕਰੋੜ ਰੁਪਏ ਖਰਚ
ਲੁਧਿਆਣਾ ਦੇਸ਼ ਦੀ ਸਮਾਰਟ ਸਿਟੀ ਰੈਂਕਿੰਗ ਸੂਚੀ ‘ਚ 54ਵੇਂ ਸਥਾਨ ਤੋਂ 37ਵੇਂ ਸਥਾਨ ‘ਤੇ ਆਇਆ – ਕੈਬਨਿਟ ਮੰਤਰੀ ਆਸ਼ੂ
ਲੁਧਿਆਣਾ, 11 ਸਤੰਬਰ 2021 ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਲੁਧਿਆਣਾ ਵਿੱਚ ਆਧੁਨਿਕ ਅੱਗ ਬੁਝਾਉਣ ਅਤੇ ਬਚਾਅ ਬੁਨਿਆਦੀ ਢਾਂਚਾ ਸਮਰਪਿਤ ਕੀਤਾ.
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਸ੍ਰੀ ਰਾਕੇਸ਼ ਪਰਾਸ਼ਰ, ਪਰਮਿੰਦਰ ਮਹਿਤਾ ਅਤੇ ਹੋਰਨਾਂ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਰਟ ਸਿਟੀ ਸਕੀਮ ਅਧੀਨ ਨਵੇਂ ਮਿੰਨੀ ਫਾਇਰ ਟੈਂਡਰ, ਸਮੱਗਰੀ, ਐਮਰਜੈਂਸੀ ਲਾਈਟਾਂ ਸਮੇਤ ਹਾਈ-ਟੈਕ ਉਪਕਰਣਾਂ ਦੀ ਖਰੀਦ ‘ਤੇ 3.28 ਕਰੋੜ ਰੁਪਏ ਖਰਚ ਕੀਤੇ ਹਨ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਅਤੇ ਤੰਗ ਖੇਤਰਾਂ ਨੂੰ ਕਵਰ ਕਰਨ ਲਈ 88.64 ਲੱਖ ਰੁਪਏ ਦੀ ਲਾਗਤ ਨਾਲ ਚਾਰ ਤਿਆਰ ਕੀਤੇ ਟਾਟਾ ਯੋਧਾ ਫਾਇਰ ਟੈਂਡਰ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ ਅੱਗ ਤੇ ਕਾਬੂ ਪਾਉਣ ਲਈ ਇਨ੍ਹਾਂ ਮਿੰਨੀ ਟੈਂਡਰ ਵਿੱਚ ਪਾਣੀ ਅਤੇ ਫੋਮ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਵਾਹਨਾਂ ਵਿੱਚ ਹਾਈ-ਟੈਕ ਪੰਪਿੰਗ ਸਿਸਟਮ ਲਗਾਇਆ ਗਿਆ ਹੈ। ਦੋ ਰਾਇਲ ਐਨਫੀਲਡ ਬੁਲੇਟ ਮੋਟਰਸਾਈਕਲਾਂ ਨੂੰ ਖਾਸ ਕਰਕੇ ਸ਼ਹਿਰ ਦੀਆਂ ਭੀੜ-ਭਾੜ ਵਾਲੀਆਂ ਗਲੀਆਂ ਲਈ ਨਵੀਂ ਤਕਨੀਕ ਵਾਲੇ ਫਾਇਰਫਾਈਟਿੰਗ ਸਿਸਟਮ ਨਾਲ ਲੈਸ ਕੀਤਾ ਗਿਆ ਹੈ.
ਉਨ੍ਹਾਂ ਕਿਹਾ ਕਿ 66.02 ਲੱਖ ਰੁਪਏ ਦੇ ਤਿੰਨ ਲਾਈਫ ਡਿਟੈਕਟਰ ਵੀ ਉਪਲਬਧ ਕਰਵਾਏ ਗਏ ਹਨ ਜੋ ਕਿ ਆਫ਼ਤਾਂ ਦੌਰਾਨ ਲੋਕਾਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਟੈਕਟਰਾਂ ਵਿੱਚ ਇੱਕ ਸੈਂਸਰ ਹੁੰਦਾ ਹੈ ਜੋ ਢਹਿਢੇਰੀ ਹੋਈ ਇਮਾਰਤ ਵਿੱਚ ਦੱਬੇ ਹੋਏ ਮਨੁੱਖਾਂ ਦੀ ਪੁਸ਼ਟੀ ਕਰਦੇ ਹਨ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਉਪਯੋਗੀ ਸਿੱਧ ਹੋਣਗੇ।.
ਕੈਬਨਿਟ ਮੰਤਰੀ ਨੇ ਕਿਹਾ ਕਿ 69.50 ਲੱਖ ਰੁਪਏ ਦੇ 10 ਬੈਟਰੀ ਨਾਲ ਸੰਚਾਲਿਤ ਕੌਬੀ ਟੂਲ ਵੀ ਫਾਇਰ ਬ੍ਰਿਗੇਡ ਵਿਭਾਗ ਨੂੰ ਮੁਹੱਈਆ ਕਰਵਾਏ ਗਏ ਹਨ ਜੋ ਕਿ ਬਚਾਅ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਧਨਾਂ ਦੀ ਵਰਤੋਂ ਦੁਰਘਟਨਾਂ ਸਥੱਲ ‘ਤੇ ਮਲਬੇ ਦੀ ਕਟਾਈ ਅਤੇ ਰਾਹ ਪੱਧਰਾ ਕਰਨ ਲਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੋਰਟੇਬਲ ਇਨਫਲੇਟੇਬਲ ਪੰਜ ਐਮਰਜੈਂਸੀ ਲਾਈਟਾਂ ਵੀ 11.74 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ ਅਤੇ ਉਨ੍ਹਾਂ ਕਿਹਾ ਕਿ ਇਹ ਲਾਈਟਾਂ ਪੈਟਰੋਲ ਇੰਜਣ ਸਿਸਟਮ ‘ਤੇ ਅਧਾਰਤ ਹਨ।
ਸ੍ਰੀ ਆਸ਼ੂ ਨੇ ਅੱਗੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ 41.79 ਲੱਖ ਰੁਪਏ ਦੇ ਪੰਜ ਥਰਮਲ ਇਮੇਜਿੰਗ ਕੈਮਰੇ ਵੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕੈਮਰੇ ਧੂੰਏਂ ਵਿੱਚ ਅੱਗ ਦੇ ਫੈਲਣ ਨੂੰ ਵੇਖਣ ਵਿੱਚ ਮੱਦਦਗਾਰ ਸਿੱਧ ਹੋਣਗੇ ਅਤੇ ਬਿਹਤਰ ਯੋਜਨਾਬੰਦੀ ਕਰਨ ਵਿੱਚ ਸਹਾਇਤਾ ਕਰਨਗੇ, ਇਸ ਲਈ ਇਨ੍ਹਾਂ ਮਹੱਤਵਪੂਰਣ ਸਾਧਨਾਂ ਨਾਲ ਕੀਮਤੀ ਜਾਨਾਂ ਬਚਾਈਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ 51 ਲੱਖ ਰੁਪਏ ਦੇ ਪੰਜ ਅਲਮੀਨੀਅਮ ਫਾਇਰਫਾਈਟਿੰਗ ਸੂਟ ਵੀ ਫਾਇਰ ਕਰਮਚਾਰੀਆਂ ਲਈ ਖਰੀਦੇ ਗਏ ਹਨ ਤਾਂ ਜੋ ਉੱਚ ਤਾਪਮਾਨ ਦੇ ਨੇੜੇ ਵਧੇਰੇ ਠਹਿਰਨ ਦੇ ਨਾਲ ਕਿਸੇ ਵੀ ਅੱਗ ਦੀ ਘਟਨਾ ਨੂੰ ਅਸਾਨੀ ਨਾਲ ਨਜਿੱਠਿਆ ਜਾ ਸਕੇ.
ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅੱਗ ਬੁਝਾਊ ਸੇਵਾਵਾਂ ਨੂੰ ਅਪਗ੍ਰੇਡ ਕਰਨ ਲਈ ਵਚਨਬੱਧ ਹੈ ਅਤੇ ਦੱਸਿਆ ਕਿ ਲੁਧਿਆਣਾ ਵਿੱਚ ਅੱਗ ਬੁਝਾਊ ਬੁਨਿਆਦੀ ਢਾਂਚਾ ਹੁਣ ਬਿਹਤਰ ਢੰਗ ਨਾਲ ਤਿਆਰ ਹੈ ਅਤੇ ਅੱਗ ਦੀਆਂ ਘਟਨਾਵਾਂ ‘ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇਗਾ।
ਉਨ੍ਹਾਂ ਲੁਧਿਆਣਾ ਦੀ ਸਮਾਰਟ ਸਿਟੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੁਧਿਆਣਾ ਦੇਸ਼ ਦੀ ਸਮਾਰਟ ਸਿਟੀ ਰੈਂਕਿੰਗ ਦੀ ਸੂਚੀ ਵਿੱਚ 54ਵੇਂ ਸਥਾਨ ਤੋਂ 37ਵੇਂ ਸਥਾਨ ‘ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਪ੍ਰੋਗਰਾਮ ਅਧੀਨ ਸ਼ੁਰੂ ਕੀਤੇ ਗਏ ਪ੍ਰੋਜੈਕਟ ਲੁਧਿਆਣਾ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ।

Spread the love