ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਬੁੱਕ ਬੈਂਕ ਵਿੱਚ ਕਿਤਾਬਾਂ ਜਮ੍ਹਾਂ ਕਰਵਾਉਣ ਲਈ ਵਿਦਿਆਰਥੀ ਅਤੇ ਮਾਪਿਆਂ ਨੇ ਵਿੱਢੀ ਮੁਹਿੰਮ

_Deputy District Education Officer
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਬੁੱਕ ਬੈਂਕ ਵਿੱਚ ਕਿਤਾਬਾਂ ਜਮ੍ਹਾਂ ਕਰਵਾਉਣ ਲਈ ਵਿਦਿਆਰਥੀ ਅਤੇ ਮਾਪਿਆਂ ਨੇ ਵਿੱਢੀ ਮੁਹਿੰਮ
ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਬੱਚਿਆਂ ਨੇ ਕਿਤਾਬਾਂ ਦੀ ਸਾਂਭ-ਸੰਭਾਲ ਦਾ ਪ੍ਰਣ ਲਿਆ

ਰੂਪਨਗਰ 7 ਅਪ੍ਰੈਲ 2022

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਸੈਸ਼ਨ 2022-23 ਵਿੱਚ ਬੱਚਿਆਂ ਨੂੰ ਪਿਛਲੇ ਸਾਲ ਦੀਆਂ ਪਾਠਕ੍ਰਮ ਦੀਆਂ ਵੱਧ ਤੋਂ ਵੱਧ ਕਿਤਾਬਾਂ ਬੁੱਕ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਸਬੰਧਿਤ ਜਮਾਤ ਦੇ ਬੱਚਿਆਂ ਨੂੰ ਦੇਣ ਲਈ ਮੁਹਿੰਮ ਵਿੱਢ ਦਿੱਤੀ ਹੈ।

ਹੋਰ ਪੜ੍ਹੋ :-ਡਿਊਟੀ ਦੌਰਾਨ ਇਮਾਨਦਾਰੀ ਦਿਖਾਉਣ ਲਈ ਹੈੱਡ ਕਾਂਸਟੇਬਲ ਸਨਮਾਨਿਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਿਤਾਬਾਂ ਦੀ ਸਾਂਭ ਸੰਭਾਲ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸਦੇ ਮੱਦੇਨਜ਼ਰ ਪਿਛਲੇ ਸਾਲ ਦੀਆਂ ਪਾਠਕ੍ਰਮ ਅਨੁਸਾਰ ਵਰਤੋਂ ਯੋਗ ਕਿਤਾਬਾਂ ਨੂੰ ਇਸ ਸਾਲ ਵੱਧ ਤੋਂ ਵੱਧ ਬੱਚੇ ਆਪਣੇ ਸਕੂਲ ਦੇ ਬੁੱਕ ਬੈਂਕ ਵਿੱਚ ਕਿਤਾਬਾਂ ਜਮ੍ਹਾਂ ਕਰਵਾ ਕੇ ਵਧੀਆ ਉਦਾਹਰਨ ਪੇਸ਼ ਕਰ ਰਹੇ ਹਨ। ਦੂਜੇ ਪਾਸੇ ਕਿਤਾਬਾਂ ਲਈ ਕਾਗਜ਼ ਦੀ ਵਰਤੋਂ ਹੁੰਦੀ ਹੈ ਅਤੇ ਇਸ ਕਾਗਜ਼ ਦੀ ਪੂਰਤੀ ਲਈ ਬਹੁਤ ਸਾਰੇ ਦਰਖ਼ਤਾਂ ਨੂੰ ਕੱਟਿਆ ਜਾਂਦਾ ਹੈ। ਜਿਸ ਨਾਲ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਪਿਛਲੇ ਦਿਨੀਂ ਹੋਈ ਮਾਪੇ-ਅਧਿਆਪਕ ਮੀਟਿੰਗ ਵਿੱਚ ਕਿਤਾਬਾਂ ਦੀ ਮੁੜ-ਵਰਤੋਂ ਲਈ ਉਤਸ਼ਾਹਿਤ ਕੀਤਾ ਗਿਆ ਜਿਸ ਦੇ ਬਹੁਤ ਹੀ ਕਾਰਗਰ ਨਤੀਜੇ ਪ੍ਰਾਪਤ ਹੋ ਰਹੇ ਹਨ। ਸੋਸ਼ਲ਼ ਮੀਡੀਆ ‘ਤੇ ਵੀ ਬਹੁਤ ਸਾਰੀਆਂ ਤਸਵੀਰਾਂ ਵਿੱਚ ਬੱਚੇ ਆਪਣੀਆਂ ਕਿਤਾਬਾਂ ਦੂਜੇ ਬੱਚਿਆਂ ਨੂੰ ਦਿੰਦੇ ਨਜ਼ਰੀਂ ਆ ਰਹੇ ਹਨ।

ਇਸ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਸੋਢੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਤਿਆਲ ਤੇ ਵੱਖ-ਵੱਖ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਨਵਾਂ ਸ਼ੈਸ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜਿਹੜੇ ਵਿਦਿਆਰਥੀ ਆਪਣੀਆਂ ਕਿਤਾਬਾਂ ਵਾਪਸ ਦੇ ਕੇ ਜਾ ਰਹੇ ਹਨ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਮੁਖੀ ਵੱਲੋਂ ਪ੍ਰਸੰਸਾ ਪੱਤਰ ਵੀ ਦਿੱਤੇ ਜਾ ਰਹੇ ਹਨ। ਇਸ ਨਾਲ ਬੱਚਿਆਂ ਵਿੱਚ ਸਮਾਜ ਸੇਵਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਵੀ ਵਿਕਸਿਤ ਹੰਦੀ ਹੈ। ਬੱਚਿਆਂ ਵਿੱਚ ਆਪਣੀ ਕਿਤਾਬਾਂ ਨੂੰ ਵਧੀਆ ਢੰਗ ਨਾਲ ਸਾਂਭ-ਸੰਭਾਲ ਅਤੇ ਹੋਰ ਰਚਨਾਤਮਕ ਕਿਰਿਆਵਾਂ ਲਈ ਸੂਝ-ਬੂਝ ਵਧਦੀ ਹੈ।

ਬੁੱਕ ਬੈਂਕ ਸਬੰਧੀ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਸਬੰਧੀ ਹੌਂਸਲਾ ਅਫ਼ਜ਼ਾਈ ਕਰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰਾਂ ਜਰਨੈਲ ਸਿੰਘ ਨਿਕੂਵਾਲ, ਬਲਵਿੰਦਰ ਸਿੰਘ, ਜਰਵੀਰ ਸਿੰਘ ਤੇ ਮਨਜਿੰਦਰ ਸਿੰਘ ਚੱਕਲ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੁੱਕ ਬੈਂਕ ਦੀ ਸੋਚ ਨੂੰ ਸਫ਼ਲ ਬਣਾਉਣ ਲਈ ਸਭਨਾ ਵਿੱਚ ਭਾਰੀ ਉਤਸ਼ਾਹ ਹੈ। ਇਸ ਨਾਲ ਰੁੱਖਾਂ ਦੀ ਕਟਾਈ ਨੂੰ ਬਚਾਇਆ ਜਾ ਸਕਦਾ ਹੈ। ਰੁੱਖ ਲਗਾਉਣ ਨਾਲ ਤਾਂ ਭਾਵੇਂ ਭਵਿੱਖ ਵਿੱਚ ਉਸਦੇ ਪਾਲਣ-ਪੋਸ਼ਣ ਨਾਲ ਵਾਤਾਵਰਨ ਲਈ ਫ਼ਾਇਦਾ ਹੋਵੇਗਾ ਪਰ ਬੁੱਕ ਬੈਂਕ ਵਿੱਚ ਕਿਤਾਬ ਜਮ੍ਹਾਂ ਕਰਵਾਉਣ ਨਾਲ ਇਹ ਫ਼ਾਇਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਹੋ ਜਾਂਦਾ ਹੈ।

Spread the love