ਪੰਜਾਬ ਸਰਕਾਰ ਵੱਲੋਂ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ ਡਿਵਾਈਸ ਨਾਲ “ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ” ਦੀ ਸ਼ੁਰੂਆਤ 

SONALI
ਪੰਜਾਬ ਸਰਕਾਰ ਵੱਲੋਂ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ ਡਿਵਾਈਸ ਨਾਲ "ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ" ਦੀ ਸ਼ੁਰੂਆਤ 
ਰੂਪਨਗਰ, 1 ਦਸੰਬਰ 2021
ਜਨਮ ਸਮੇਂ ਸੁਣਨ ਸ਼ਕਤੀ ਸਬੰਧੀ ਕਮਜ਼ੋਰੀ ਦਾ ਪਤਾ ਲਗਾਉਣ ਲਈ ਪੰਜਾਬ ਸਰਕਾਰ ਨੇ ਅੱਜ ਜ਼ਿਲ੍ਹਾ ਹਸਪਤਾਲ ਰੋਪੜ ਦੇ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਵਿੱਚ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏ.ਏ.ਬੀ.ਆਰ.) ਡਿਵਾਈਸ ਦੇ ਨਾਲ ‘ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ’ (ਯੂ.ਐਨ.ਐਚ.ਐਸ.) ਦੀ ਸ਼ੁਰੂਆਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਓ.ਪੀ.ਗੋਜਰਾ ਨੇ ਦੱਸਿਆ ਕਿ ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ‘ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕਰੀਨਿੰਗ’ ਸ਼ੁਰੂ ਕੀਤੀ ਗਈ ਹੈ।
ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਪੂਰੇ ਦੱਖਣ ਪੂਰਬੀ ਏਸ਼ੀਆ ਵਿੱਚ ਇੱਕਮਾਤਰ ਯੂਨਿਟ ਹੈ ਜਿਸ ਨੇ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏ.ਏ.ਬੀ.ਆਰ.) ਉਪਕਰਨ ਦੇ ਨਾਲ ‘ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ’ (ਯੂ.ਐਨ.ਐਚ.ਐਸ.) ਵੱਲ ਕਦਮ ਪੁੱਟਿਆ ਹੈ। ਨਵਜੰਮੇ ਬੱਚਿਆਂ ਦੀ ਸੁਣਨ ਸਬੰਧੀ  ਸਕਰੀਨਿੰਗ ਨਵੇਂ ਪ੍ਰੋਗਰਾਮ ਨੂੰ ਪੰਜਾਬ ਭਰ ਵਿੱਚ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਸਕ੍ਰੀਨਿੰਗ ਲਈ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਸੁਣਨ ਸ਼ਕਤੀ ਦੀ ਕਮੀ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਬੱਚਿਆਂ ਨੂੰ ਉਮਰ ਭਰ ਸੁਣਨ ਅਤੇ ਬੋਲਣ ਸਬੰਧੀ ਸਮੱਸਿਆ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਸਕਣ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਸੋਹਮ (ਏ.ਏ.ਬੀ.ਆਰ.) ਵੱਲੋਂ ਜ਼ਿਲ੍ਹਾ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਸਟਾਫ਼ ਦੁਆਰਾ ਜ਼ਿਲ੍ਹਾ ਹਸਪਤਾਲ ਦੇ ਨਿਓਨੇਟਲ ਸਟੇਸ਼ਨ ਵਿਖੇ ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕਰੀਨਿੰਗ ਕਰਵਾਈ ਜਾਵੇਗੀ ਅਤੇ ਇਸ ਦੀ ਸਮੀਖਿਆ ਡੀਐਨਓ-ਐਨਪੀਪੀਸੀਡੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰਬੀਐਸਕੇ ਰਾਹੀਂ ਜਮਾਂਦਰੂ ਬੋਲ਼ੇ ਬੱਚਿਆਂ ਲਈ ਕੋਕਲੀਅਰ ਇਮਪਲਾਂਟ ਲਈ ਰੈਫਰਲ ਮਾਰਗ ਵਿਕਸਤ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਨੂੰ ਆਮ ਜੀਵਨ ਜਿਉਣ ਦੇ ਯੋਗ ਬਣਾਇਆ ਜਾਵੇਗਾ।
ਸਟੇਟ ਪ੍ਰੋਗਰਾਮ ਅਫਸਰ, ਐਨ.ਪੀ.ਪੀ.ਸੀ.ਡੀ. ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੇ ਨਾਲ-ਨਾਲ ਭਾਰਤ ਵਿੱਚ ਸਿਹਤ ਸੰਭਾਲ ਸੇਵਾਵਾਂ ਦੇ ਇਤਿਹਾਸ ਵਿੱਚ ਇੱਕ ਗੇਮ ਚੇਂਜਰ ਹੋਵੇਗੀ। ਉਹਨਾਂ ਕਿਹਾ, “ਅਸੀਂ ਮਿਲ ਕੇ ਜਮਾਂਦਰੂ ਬੋਲੇਪਣ ਦਾ ਹੱਲ ਕਰਾਂਗੇ।” ਉਹਨਾਂ ਅੱਗੇ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚਿਆਂ ਵਿੱਚ ਸੁਣਨ ਸ਼ਕਤੀ ਸਬੰਧੀ ਕਮੀ ਦਾ ਕਲੀਨਿਕਲ ਸਰਵੇਖਣ ਬੱਚੇ ਦੇ ਸਿੱਧੇ ਦ੍ਰਿਸ਼ਟੀਕੋਣ ਨਾਲ ਘੰਟੀ ਵੱਜਣ ਵਰਗੀ ਆਵਾਜ਼ ਪ੍ਰਤੀ ਵਿਵਹਾਰਕ ਪ੍ਰਤੀਕਿਰਿਆ ਦੇ ਨਿਰੀਖਣ ਤੱਕ ਸੀਮਿਤ ਸੀ। ਪਹਿਲਾਂ, ਇਸ ਵਿਧੀ ਰਾਹੀਂ ਬੋਲੇਪਣ ਦਾ ਪਤਾ ਲਗਾਇਆ ਜਾਂਦਾ ਸੀ। ਇਹ ਆਮ ਤੌਰ ‘ਤੇ ਉਦੋਂ ਵਰਤੀ ਜਾਂਦੀ ਹੈ ਜਦੋਂ ਬੱਚੇ ਵਿੱਚ ਭਾਸ਼ਾ ਸਿਖਣ ਵਿੱਚ ਦੇਰੀ ਪਾਈ ਜਾਂਦੀ ਹੈ।
ਉਹਨਾਂ ਕਿਹਾ ਕਿ ਐਡਵਾਂਸਡ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏਏਬੀਆਰ) ਤਕਨਾਲੋਜੀ ‘ਤੇ ਆਧਾਰਿਤ ਸੋਹਮ ਖਾਸ ਤੌਰ ‘ਤੇ ਸੁਣਨ ਸ਼ਕਤੀ ਸਬੰਧੀ ਕਮਜ਼ੋਰੀ ਲਈ ਨਵਜੰਮੇ ਬੱਚਿਆਂ ਦੀ ਮਾਸ ਸਕ੍ਰੀਨਿੰਗ ਸਬੰਧੀ ਵਰਤੋਂ ਲਈ ਹੈ। ਸੋਹਮ, ਏਏਬੀਆਰ (ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ) ਪ੍ਰਣਾਲੀ ਹੈ ਜੋ ਉੱਚ ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ ਦੇ ਨਾਲ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਵਿੱਚ ਸੁਣਨ ਸ਼ਕਤੀ ਦੀ ਕਮੀ ਲਈ ਜਾਂਚ ਕਰਦੀ ਹੈ। ਇਹ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਜਾਂਚ ਲਈ ਗੋਲਡ ਸਟੈਡਰਡ ਤਕਨੀਕ ਹੈ ਅਤੇ ਵਿਸ਼ੇਸ਼ ਤੌਰ ‘ਤੇ ਭਾਰਤ ਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਅਤੇ ਕੋਈ ਵੀ ਸਿਹਤ ਸੰਭਾਲ ਪੇਸ਼ੇਵਰ ਥੋੜੀ ਸਿਖਲਾਈ ਤੋਂ ਬਾਅਦ ਆਸਾਨੀ ਨਾਲ ਇਸ ਉਪਕਰਨ ਦੀ ਵਰਤੋਂ ਕਰ ਸਕਦਾ ਹੈ।
ਈਐਨਟੀ ਸਪੈਸ਼ਲਿਸਟ ਅਤੇ ਨੋਡਲ ਅਫਸਰ ਐਨ.ਪੀ.ਪੀ.ਸੀ.ਡੀ ਡਾ: ਤਰਨਜੋਤ ਕੌਰ ਨੇ ਕਿਹਾ ਕਿ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਸਬੰਧੀ ਨਵੇਂ ਸਕਰੀਨਿੰਗ ਪ੍ਰੋਗਰਾਮ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਸਬੰਧੀ ਸਕਰੀਨਿੰਗ ਪ੍ਰੋਗਰਾਮ ਨੂੰ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸੁਣਨ ਸ਼ਕਤੀ ਦੀ ਘਾਟ ਵਾਲੇ ਬੱਚਿਆਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ ਅਤੇ ਜੀਵਨ ਭਰ ਬੋਲੇਪਣ ਅਤੇ ਮਾਨਸਿਕ ਦੇਰੀ ਸਬੰਧੀ ਅਯੋਗਤਾ ਤੋਂ ਬੱਚਿਆਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਸੁਣਨ ਸ਼ਕਤੀ ਅਤੇ ਬੋਲ਼ੇਪਣ ਲਈ ਜ਼ਿੰਮੇਵਾਰ ਕੰਨਾਂ ਦੀਆਂ ਸਮੱਸਿਆਵਾਂ ਦੀ ਜਲਦ ਪਛਾਣ ਅਤੇ ਇਲਾਜ ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਡੀਫਨੇਸ (ਐਨ.ਪੀ.ਪੀ.ਸੀ.ਡੀ.) ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਅਤੇ ਹੁਣ ਸਿਹਤ ਵਿਭਾਗ ਨਵਜੰਮੇ ਬੱਚਿਆਂ ਵਿੱਚ ਇਸ ਕਮੀ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਦੇ ਸਮਰੱਥ ਹੈ।
ਇਸ ਮੌਕੇ ਸੀ.ਜੇ.ਐਮ ਸ੍ਰੀ ਮਾਨਵ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਐਸ.ਐਮ.ਓ ਰੋਪੜ ਡਾ. ਤਰਲੋਚਨ ਸਿੰਘ, ਐਸ.ਐਮ.ਓ ਅਨੰਦਪੁਰ ਸਾਹਿਬ ਡਾ. ਚਰਨਜੀਤ ਕੁਮਾਰ, ਐਸ.ਐਮ.ਓ ਨੂਰਪੁਰਬੇਦੀ ਡਾ. ਵਿਧਾਨ ਚੰਦਰ ਅਤੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
Spread the love