ਇੱਕ ਹੋਰ ਜਾਂਚ ਕਮੇਟੀ ਬਣਾ ਕੇ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ਼

farmer ordinance

ਬੇਅਦਬੀ ਤੇ ਗੋਲੀਕਾਂਡ ਮਾਮਲਾ

ਕੈਪਟਨ ਸਰਕਾਰ ਦਾ ਸਟੇਰਿੰਗ ਬਾਦਲਾਂ ਦੇ ਹੱਥ: ਭਗਵੰਤ ਮਾਨ

ਚੰਡੀਗੜ੍ਹ, 8 ਮਈ , 2021 

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਂਬਰ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ, ਸਗੋਂ  ਇਸ ਮਾਮਲੇ ‘ਤੇ ਨਵੀਂ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਬਣਾ ਕੇ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ਼ ਦੀ ਹੀ ਕੋਸ਼ਿਸ਼ ਹੈ ਤਾਂ ਜੋ ਮੁੱਖ ਦੋਸ਼ੀਆਂ ਦੇ ਦਾਗ ਧੋਤੇ ਜਾਣ।
ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸਾਲ 2015 ‘ਚ ਅਕਾਲੀ ਦਲ ਬਾਦਲ ਦੇ ਰਾਜ ਦੌਰਾਨ ਬਰਗਾੜੀ ਵਿਖੇ ਇੱਕ ਸਾਜਿਸ਼ ਦੇ ਤਹਿਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਇਸ ਬੇਅਦਬੀ ਦੇ ਖ਼ਿਲਾਫ਼ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਪੁਲੀਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਸ ਗੋਲੀਬਾਰੀ ‘ਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੌਰਾਨ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ  ਉਹ (ਅਮਰਿੰਦਰ ਸਿੰਘ) ਮੁੱਖ ਮੰਤਰੀ ਬਣਦੇ ਹਨ ਤਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਸਾਜਿਸ਼ ਕਰਤਾ ਅਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਦਿਵਾਉਣਗੇ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਚਾਰ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਗੁਰੂ ਗਰੰਥ ਸਾਹਿਬ ਦੀ ਬੇਪਤੀ ਦੇ ਸਾਜਿਸ਼ ਕਰਤਾ ਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਵਾਈ, ਕਿਉਂ ਕਿ ਕੈਪਟਨ ਸਰਕਾਰ ਦਾ ਸਟੇਰਿੰਗ ਬਾਦਲਾਂ ਦੇ ਹੱਥ ਵਿੱਚ ਹੈ।  ਉਨ੍ਹਾਂ ਕਿਹਾ ਕਿ 2015 ਤੋਂ ਹੁਣ ਤੱਕ ਸੱਤ ਜਾਚ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ, ਜਦੋਂ ਕਿ ਦੋ ਕਮਿਸ਼ਨ, ਤਿੰਨ ਸਿੱਟਾਂ , ਸੀ.ਬੀ.ਆਈ ਦੀ ਵੀ ਇਨਸਾਫ਼ ਦਿਵਾਉਣ ਲਈ ਕੰਮ ਕਰ ਚੁੱਕੀ ਹੈ।  ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਸਰਕਾਰ ਸੀ.ਬੀ.ਆਈ. ਤੋਂ ਕੇਸ ਵਾਪਸ ਲੈਣ ਤੋਂ ਬਆਦ ਸੀਨੀਅਰ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਤੋਂ ਮੂੰਹ ਕਿਉਂ ਮੋੜ ਰਹੀ ਹੈ। ਹਾਈਕੋਰਟ ਦੇ ਸਿੰਗਲ ਬੈਂਚ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਜਾਂਚ ਕਮੇਟੀ ਦੀ ਰਿਪੋਰਟ ਰੱਦ ਕਰਨ ਤੋਂ ਤੁਰੰਤ ਬਾਅਦ ਕੈਪਟਨ ਸਰਕਾਰ ਹਾਈਕੋਰਟ ਦੇ ਡਬਲ ਬੈਂਚ ਕੋਲ ਕਿਉਂ ਨਹੀਂ ਗਈ। ਸਰਕਾਰ ਚੁੱਪ ਕਿਉਂ ਬੈਠੀ ਰਹੀ।
ਮਾਨ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਨਵੀਂ ਜਾਂਚ ਕਮੇਟੀ ਬਣਾ ਕੇ ਲੋਕਾਂ ਦੇ ਅੱਖਾਂ ‘ਚ ਘੱਟਾ ਪਾਇਆ ਹੈ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਮੁੱੜ ਤੋਂ ਗੁਰੂ ਦੀ ਬੇਅਦਬੀ ਤੇ ਸਿੱਖਾਂ ਦੇ ਕਤਲ ਜਿਹੇ ਮਾਮਲੇ ‘ਤੇ ਕੁਰਸੀ ਦੀ ਲੜਾਈ ਲੜ ਰਹੇ ਹਨ, ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਜੇ ਕੁਰਸੀ ਦੀ ਲੜਾਈ ਨਾ ਹੁੰਦੀ ਤਾਂ ਇਹ ਆਗੂ ਕਾਂਗਰਸ ਪਾਰਟੀ ਤੇ ਸਰਕਾਰ ਤੋਂ ਅਸਤੀਫ਼ਾ ਦੇ ਕੇ ਗੁਰੂ ਦੇ ਪੱਖ ਵਿੱਚ ਖੜ੍ਹੇ ਹੁੰਦੇ।

Spread the love