ਮੰਤਰੀ ਮੰਡਲ ਵੱਲੋਂ ਪੰਜਾਬ ਨੂੰ ਹਵਾਬਾਜ਼ੀ ਉਦਯੋਗ ਦੇ ਧੁਰੇ ਵਜੋਂ ਉਭਾਰਨ ਲਈ ਐਮ.ਆਰ.ਓ. ਫੈਸਿਲਟੀ ਦੀ ਸਥਾਪਨਾ ਨੂੰ ਹਰੀ ਝੰਡੀ

ਚੰਡੀਗੜ੍ਹ, 19 ਦਸੰਬਰ
ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ-2017 ਵਿੱਚ ਅਹਿਮ ਖੇਤਰ ਵਜੋਂ ਸ਼ਨਾਖ਼ਤ ਕੀਤੇ ਸ਼ਹਿਰੀ ਹਵਾਬਾਜ਼ੀ ਸੈਕਟਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਪਟਿਆਲਾ ਏਵੀਏਸ਼ਨ ਕੰਪਲੈਕਸ (ਪੀ.ਏ.ਸੀ.) ਵਿੱਚ ਰੱਖ-ਰਖਾਅ, ਮੁਰੰਮਤ ਅਤੇ ਜਾਂਚਣ (ਮੇਨਟੀਨੈਂਸ, ਰਿਪੇਅਰ ਅਤੇ ਓਵਰਹੌਲ) ਦੇ ਵਿਕਾਸ ਲਈ 5000 ਸੁਕੇਅਰ ਫੁੱਟ ਦੀ ਸਮਰਥਾ ਦੀਆਂ ਚਾਰ ਥਾਵਾਂ ਲੀਜ਼ ‘ਤੇ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਕਦਮ ਦਾ ਮਕਸਦ ਪੰਜਾਬ ਦੇ ਵਿਕਾਸ ਨੂੰ ਹਵਾਬਾਜ਼ੀ ਅਤੇ ਰੱਖਿਆ ਉਦਯੋਗ ਦੇ ਧੁਰੇ ਵਜੋਂ ਉਭਾਰਨਾ ਹੈ ਤਾਂ ਕਿ ਇਸ ਸੈਕਟਰ ਦੇ ਭਵਿੱਖੀ ਸੰਭਾਵਨਾਵਾਂ ਦਾ ਲਾਭ ਉਠਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਸਿਰਜੇ ਜਾ ਸਕਣ।
ਹਵਾਬਾਜ਼ੀ ਵਿਭਾਗ ਨੇ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਦੇ ਨਿਵੇਸ਼ ਪੰਜਾਬ ਪਾਸੋਂ ਪੰਜਾਬ ਵਿੱਚ ਐਮ.ਆਰ.ਓ. ਫੈਸਲਿਟੀ ਦੀ ਸਥਾਪਨਾ ਕਰਨ ਵਾਸਤੇ ਪੱਤਰ ਪ੍ਰਾਪਤ ਕੀਤਾ ਸੀ। ਵੱਖ-ਵੱਖ ਕੰਪਨੀਆਂ ਨੇ ਪੰਜਾਬ ਵਿੱਚ ਅਜਿਹੀ ਫੈਸਲਿਟੀ ਕਾਇਮ ਕਰਨ ਵਿੱਚ ਦਿਲਚਸਪੀ ਦਿਖਾਈ ਸੀ ਅਤੇ ਹਵਾਈ ਅੱਡਿਆਂ ਦੇ ਨੇੜੇ ਅਤੇ ਤਰਜੀਹੀ ਤੌਰ ‘ਤੇ ਹਵਾਈ ਅੱਡਿਆਂ/ਫਲਾਇੰਗ ਕਲੱਬਾਂ ਦੇ ਹੈਂਗਰਾਂ ਕੋਲ ਜਗ੍ਹਾ ਦੇਣ ਦੀ ਬੇਨਤੀ ਕੀਤੀ ਸੀ।
ਚੰਡੀਗੜ੍ਹ/ਪਟਿਆਲਾ ਕੌਮੀ ਰਾਜਧਾਨੀ ਦਿੱਲੀ ਦੇ ਨੇੜੇ ਹੋਣ ਕਰਕੇ ਐਮ.ਆਰ.ਓ. ਫੈਸਿਲਟੀ ਸਥਾਪਤ ਕਰਨ ਲਈ ਢੁਕਵਾਂ ਸਥਾਨ ਹੈ ਪਰ ਸ਼ਹਿਰੀ ਹਵਾਬਾਜ਼ੀ ਵਿਭਾਗ ਕੋਲ ਚੰਡੀਗੜ੍ਹ/ਐਸ.ਏ.ਐਸ. ਨਗਰ ਵਿਖੇ ਕੋਈ ਜ਼ਮੀਨ ਨਹੀਂ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਕੋਲ ਪਟਿਆਲਾ ਕੰਪਲੈਕਸ ਵਿਖੇ ਲਗਪਗ 235 ਏਕੜ ਜ਼ਮੀਨ ਹੈ। ਇਸ ਵੇਲੇ ਕੰਪਲੈਕਸ ਵਿੱਚ ਇਕ ਫਲਾਇੰਗ ਟ੍ਰੇਨਿੰਗ ਸਕੂਲ, ਦਰਮਿਆਨੇ ਆਕਾਰ ਦੇ ਜਹਾਜ਼ਾਂ ਲਈ ਵਰਤਿਆ ਜਾ ਵਾਲਾ ਰਨਵੇ, ਇੰਜਨੀਅਰਾਂ ਲਈ ਪੰਜਾਬ ਸਟੇਟ ਐਰੋਨਾਟਿਕਲ ਇੰਜਨੀਅਰਿੰਗ ਕਾਲਜ ਅਤੇ ਟੈਕਨੀਸ਼ੀਅਜ਼ ਲਈ ਪੰਜਾਬ ਏਅਰਕਰਾਫਟ ਮੇਨਟੀਨੈਂਸ ਇੰਜਨੀਅਰਿੰਗ ਕਾਲਜ ਸਥਿਤ ਹਨ। ਇਸ ਤੋਂ ਇਲਾਵਾ ਕੰਪਲੈਕਸ ਵਿੱਚ ਸ਼ਹਿਰੀ ਹਵਾਬਾਜ਼ੀ ਦੀ ਰੈਗੂਲੇਟਰੀ ਬਾਡੀ-ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਵੀ ਸਥਿਤ ਹੈ।
Spread the love