ਮੋਹਾਲੀ ਨਗਰ ਨਿਗਮ ਦਾ ਘੇਰਾ ਤਿੰਨ ਕਿਲੋਮੀਟਰ ਤੱਕ ਵਧਾਉਣ ਤੇ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦਾ ਕੀਤਾ ਐਲਾਨ
ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਪਿੰਡ ਸੀਂਹਪੁਰ ਵਿੱਚ ਵਾਟਰ ਟਰੀਟਮੈਂਟ ਪਲਾਂਟ ਦੇ ਪਹਿਲੇ ਪੜਾਅ ਦਾ ਕੀਤਾ ਉਦਘਾਟਨ ਤੇ ਦੂਜੇ ਪੜਾਅ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ
ਸੈਕਟਰ-77 ਵਿੱਚ ਉਸਾਰਿਆ ਜਾਵੇਗਾ ਮੋਹਾਲੀ ਦਾ ਨਵਾਂ ਬੱਸ ਅੱਡਾ
ਸੈਕਟਰ-78 ਵਿੱਚ ਭਗਤ ਆਸਾ ਰਾਮ ਬੈਦਵਾਣ ਦੇ ਨਾਮ ਉਤੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਡੀਟੋਰੀਅਮ ਦਾ ਰੱਖਿਆ ਨੀਂਹ ਪੱਥਰ
ਸੈਕਟਰ-83 ਵਿੱਚ 145 ਕਰੋੜ ਰੁਪਏ ਨਾਲ ਬਣੇਗਾ ਅਤਿ-ਆਧੁਨਿਕ ਸੀਵਰੇਜ ਟਰੀਟਮੈਂਟ ਪਲਾਂਟ
ਐਸ.ਏ.ਐਸ. ਨਗਰ, 31 ਦਸੰਬਰ 2021
ਮੋਹਾਲੀ ਸ਼ਹਿਰ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੁੱਗਣੀ ਰਫ਼ਤਾਰ ਦਿੰਦਿਆਂ ਅੱਜ ਸ਼ਹਿਰ ਵਿੱਚ 650 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਰੱਖੇ ਗਏ। ਇਸ ਮੌਕੇ ਉਨ੍ਹਾਂ ਨਾਲ ਉਚੇਚੇ ਤੌਰ ਉਤੇ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ, ਮੇਅਰ ਸ੍ਰੀ ਅਮਰਜੀਤ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਵਜੋਤ ਸਿੰਘ ਮਾਹਲ, ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਿਸ਼ਵ ਜੈਨ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਅਤੇ ਨਗਰ ਨਿਗਮ ਦੇ ਨੁਮਾਇੰਦੇ ਤੇ ਅਧਿਕਾਰੀ ਹਾਜ਼ਰ ਸਨ।
ਇਨ੍ਹਾਂ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਸਮਾਗਮਾਂ ਦੌਰਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਉਨ੍ਹਾਂ ਪਿੰਡ ਸੀਂਹਪੁਰ ਵਿੱਚ 375 ਕਰੋੜ ਰੁਪਏ ਨਾਲ ਬਣ ਰਹੇ ਵਾਟਰ ਟਰੀਟਮੈਂਟ ਪਲਾਂਟ ਦੇ ਪਹਿਲੇ ਪੜਾਅ ਦਾ ਉਦਾਘਟਨ ਕੀਤਾ ਤੇ ਦੂਜੇ ਪੜਾਅ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਸੈਕਟਰ-77 ਵਿੱਚ ਮੋਹਾਲੀ ਦੇ ਨਵੇਂ ਬੱਸ ਅੱਡੇ, ਸੈਕਟਰ-78 ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਤ ਆਸਾ ਰਾਮ ਬੈਦਵਾਣ ਆਡੀਟੋਰੀਅਮ ਅਤੇ ਸੈਕਟਰ-83 ਵਿਖੇ 145 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮੋਹਾਲੀ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਸਿਟੀ ਬੱਸ ਸਰਵਿਸ` ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਨਿਰਮਾਣ ਕਾਰਜ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਪੋਰਟ ਰੋਡ ਉਤੇ 14 ਏਕੜ ਰਕਬੇ ਵਿੱਚ ਸ਼ਹਿਰ ਦੇ ਕੇਂਦਰੀ ਸਥਾਨ ਉਤੇ ਬੱਸ ਅੱਡਾ ਬਣਨ ਮਗਰੋਂ ਸਵਾਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਅੱਡੇ ਅਤੇ ਚੰਡੀਗੜ੍ਹ ਤੋਂ ਵਾਇਆ ਮੋਹਾਲੀ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਜਾਣ ਵਿੱਚ ਸੌਖ ਹੋਵੇਗੀ।
ਸ੍ਰੀ ਬ੍ਰਹਮ ਮਹਿੰਦਰਾ ਨੇ ਸੈਕਟਰ-78 ਵਿੱਚ ਹੋਏ ਸਮਾਗਮ ਦੌਰਾਨ ਆਖਿਆ ਕਿ ਮੋਹਾਲੀ ਦੇ ਨੇੜਲੇ ਇਲਾਕਿਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਮੋਹਾਲੀ ਨਗਰ ਨਿਗਮ ਦਾ ਘੇਰਾ ਤਿੰਨ ਕਿਲੋਮੀਟਰ ਤੱਕ ਵਧਾਉਣ ਦਾ ਫੈਸਲਾ ਕਰ ਲਿਆ ਹੈ, ਜਿਸ ਨਾਲ ਸ਼ਹਿਰ ਦੇ ਨੇੜਲੇ ਇਲਾਕਿਆਂ ਵਿੱਚ ਤਰੱਕੀ ਤੇ ਖ਼ੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਹੋਵੇਗਾ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਸੀਂਹਪੁਰ ਦਾ ਵਾਟਰ ਟਰੀਟਮੈਂਟ ਪਲਾਂਟ ਮੋਹਾਲੀ ਸ਼ਹਿਰ ਦੀ ਅਗਲੀ 20 ਸਾਲ ਤੱਕ ਦੀ ਪੀਣ ਵਾਲੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ 80 ਐਮ.ਜੀ.ਡੀ ਸਮਰੱਥਾ ਦੀ ਪਾਣੀ ਦੀ ਪਾਇਪ ਲਾਇਨ 200 ਕਰੋੜ ਦੀ ਲਾਗਤ ਉੱਤੇ ਭਾਖੜਾ ਮੇਨ ਲਾਇਨ ਕਜੋਲੀ ਤੋਂ ਪਿੰਡ ਸੀਂਹਪੁਰ ਤੱਕ ਪਾਈ ਗਈ ਹੈ।
ਇਸ ਵਿੱਚੋਂ 45 ਐਮ.ਜੀ.ਡੀ. ਹਿੱਸਾ ਮੋਹਾਲੀ ਸ਼ਹਿਰ ਦਾ ਹੈ, ਜਿਸ ਨੂੰ ਸੋਧਣ ਲਈ ਪਹਿਲੇ ਪੜਾਅ ਅਧੀਨ 20 ਐਮ.ਜੀ.ਡੀ. ਸਮਰੱਥਾ ਦਾ ਇਹ ਟਰੀਟਮੈਂਟ ਪਲਾਂਟ 115.80 ਕਰੋੜ ਰੁਪਏ ਦੀ ਲਾਗਤ ਉੱਤੇ ਉਸਾਰਿਆ ਗਿਆ ਹੈ ਅਤੇ ਦੂਜੇ ਪੜਾਅ ਅਧੀਨ 25 ਐਮ.ਜੀ.ਡੀ. ਸਮਰੱਥਾ ਦੇ ਵਾਟਰ ਟਰੀਟਮੈਂਟ ਪਲਾਂਟ ਦੇ ਟੈਂਡਰ (ਲਾਗਤ 192 ਕਰੋੜ ਰੁਪਏ) ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਅਧੀਨ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਵਿੱਚੋਂ 6 ਐਮ.ਜੀ.ਡੀ ਪਾਣੀ ਖਰੜ ਅਤੇ ਮੋਰਿੰਡਾ ਨੂੰ ਵੀ ਦਿੱਤਾ ਜਾਵੇਗਾ। ਸ. ਸਿੱਧੂ ਨੇ ਦੱਸਿਆ ਕਿ ਸੈਕਟਰ-78 ਵਿੱਚ ਭਗਤ ਆਸਾ ਰਾਮ ਬੈਦਵਾਣ ਆਡੀਟੋਰੀਅਮ ਵਿੱਚ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਜੀ ਦੇ ਨਾਮ ਉਤੇ ਹਾਲ ਉਸਾਰਿਆ ਜਾਵੇਗਾ ਤਾਂ ਜੋ ਨਵੇਂ ਉੱਭਰਦੇ ਨਾਟ ਰੰਗ ਕਰਮੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਹੁਨਰ ਨੂੰ ਤਰਾਸ਼ ਸਕਣ।
ਇਸ ਤੋਂ ਪਹਿਲਾਂ ਸਮਾਗਮ ਦੌਰਾਨ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਤੇ ਹੋਰ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਸ਼ਹਿਰ ਦੀਆਂ ਮੰਗਾਂ ਤੇ ਮੁਸ਼ਕਲਾਂ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਸਾਬਕਾ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੀ ਮਿਹਨਤ ਤੇ ਅਗਵਾਈ ਹੇਠ ਅੱਜ ਉਨ੍ਹਾਂ ਵੱਲੋਂ ਉਲੀਕੇ ਗਏ ਇਨ੍ਹਾਂ ਸਮੂਹ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਪੰਜਾਬ ਸਰਕਾਰ ਵੱਲੋਂ ਰੱਖੇ ਗਏ ਹਨ। ਉਨ੍ਹਾਂ ਮੋਹਾਲੀ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਦੁੱਖ-ਸੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹੇ ਰਹਿਣ ਵਾਲੇ ਸ੍ਰੀ ਸਿੱਧੂ ਨੂੰ ਅਸੀਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਤੋੜ ਵੋਟਾਂ ਨਾਲ ਜਿਤਾਈਏ ਅਤੇ ਇਸ ਦੇ ਨਾਲ ਹੀ ਕੁੱਝ ਅਜਿਹੇ ਫ਼ਸਲੀ ਬਟੇਰੇ ਜੋ ਵੋਟਾਂ ਵੇਲੇ ਹੀ ਪਾਰਟੀਆਂ ਬਦਲਦੇ ਹਨ, ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਈਏ।
ਫੋਟੋ ਕੈਪਸ਼ਨ 1 – ਸਥਾਨਕ ਸਰਕਾਰਾਂ , ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਮੌਕੇ।