ਕੈਬਨਿਟ ਮੰਤਰੀ ਡਾ. ਵੇਰਕਾ ਨੇ ਮੋਹਾਲੀ ਵਿਖੇ ਨਰਸਿੰਗ ਕਾਲਜ ਦਾ ਰੱਖਿਆ ਨੀਂਹ ਪੱਥਰ

RAJ KUMAR VERKA
ਕੈਬਨਿਟ ਮੰਤਰੀ ਡਾ. ਵੇਰਕਾ ਨੇ ਮੋਹਾਲੀ ਵਿਖੇ ਨਰਸਿੰਗ ਕਾਲਜ ਦਾ ਰੱਖਿਆ ਨੀਂਹ ਪੱਥਰ
ਐਸ.ਏ.ਐਸ. ਨਗਰ, 31 ਦਸੰਬਰ 2021
ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਰਕਾਰੀ ਕਾਲਜ ਮੋਹਾਲੀ ਦੇ ਮੈਦਾਨ ਨੇੜੇ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਧੀਨ ਬਣਨ ਵਾਲੇ ਸਰਕਾਰੀ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ਼੍ਰੀ ਵੇਰਕਾ ਨੇ ਦੱਸਿਆ ਕਿ ਮੁਹਾਲੀ ਵਿਖੇ ਸਰਕਾਰੀ ਮੈਡੀਕਲ ਕਾਲਜ ਅਤੇ ਇਸ ਨਰਸਿੰਗ ਕਾਲਜ ਤੋਂ ਇਲਾਵਾ ਇਸ ਇਲਾਕੇ ਦੀ ਬਿਹਤਰੀ ਲਈ ਪੰਜਾਬ ਸਰਕਾਰ ਵਲੋਂ ਕਰੀਬ 600 ਕਰੋੜ ਰੁਪਏ ਖਰਚੇ ਜਾ ਰਹੇ ਹਨ।

ਹੋਰ ਪੜ੍ਹੋ :-ਸਰਕਾਰੀ ਸਕੂਲਾਂ ਵਿੱਚ ਪੜ੍ਹਨ ਮੁਹਿੰਮ 1 ਜਨਵਰੀ ਤੋਂ

ਸ਼੍ਰੀ ਵੇਰਕਾ ਨੇ ਕਿਹਾ ਕਿ ਇਸ ਕਾਲਜ ਸਦਕਾ ਜਿੱਥੇ ਲੋਕਾਂ ਨੂੰ ਸਸਤਾ ਇਲਾਜ ਮਿਲੇਗਾ, ਉਥੇ ਸੂਬੇ ਦੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਵੀ ਵੱਡਾ ਲਾਭ ਹੋਵੇਗਾ। ਉਨ੍ਹਾਂ ਨੇ ਇਸ ਪ੍ਰਾਜੈਕਟ ਲਈ ਸਾਬਕਾ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਲਜ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਮੋਹਾਲੀ ਨੂੰ ਦਿੱਤਾ ਗਿਆ ਤੋਹਫ਼ਾ ਹੈ, ਜਿਸ ਲਈ ਉਨ੍ਹਾਂ ਨੇ ਸ. ਚੰਨੀ ਦਾ ਉਚੇਚਾ ਧੰਨਵਾਦ ਕੀਤਾ।
ਇਸ ਦੌਰਾਨ ਉਨ੍ਹਾਂ ਸਿਹਤ ਦੇ ਖੇਤਰ ਵਿੱਚ ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਦਾ ਵੀ ਐਲਾਨ ਕੀਤਾ।ਕਿਸੇ ਵੀ ਸਮਾਜ ਲਈ ਸਿਹਤ ਤੇ ਸਿੱਖਿਆ ਨੂੰ ਮਹੱਤਵਪੂਰਨ ਦੱਸਦੇ ਹੋਏ ਡਾ. ਵੇਰਕਾ ਨੇ ਕਿਹਾ ਕਿ ਸੂਬੇ ਵਿੱਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੰਮ ਨੂੰ ਅੱਗੇ ਵਧਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੀਆਂ ਵਧੀਆ ਸਹੂਲਤਾਂ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਾਰੀਆਂ ਘਾਟਾਂ-ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਾਬਕਾ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 45 ਸਾਲ ਬਾਅਦ ਸੂਬੇ ਵਿੱਚ ਮੈਡੀਕਲ ਕਾਲਜ ਹੋਂਦ ਵਿੱਚ ਆਇਆ ਹੈ ਤੇ ਉਹ ਮੋਹਾਲੀ ਨੂੰ ਮਿਲਿਆ ਹੈ।ਹੁਣ ਮੋਹਾਲੀ ਵਿਖੇ ਹੀ ਨਰਸਿੰਗ ਕਾਲਜ ਸਦਕਾ ਪੂਰੇ ਸੂਬੇ ਨੂੰ ਹੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਇਨ੍ਹਾਂ ਕਾਲਜਾਂ ਦੇ ਨਾਲ-ਨਾਲ ਇੱਥੇ ਸਰਕਾਰੀ ਡੈਂਟਲ ਕਾਲਜ ਅਤੇ ਹੋਮੀਓਪੈਥੀ ਕਾਲਜ ਵੀ ਬਣਨ, ਜਿਸ ਨਾਲ ਮੋਹਾਲੀ ਇਕ ਮੈਡੀਕਲ ਹੱਬ ਬਣੇਗਾ ਤੇ ਇਹ ਸ਼ਹਿਰ ਮੈਡੀਕਲ ਖੇਤਰ ਵਿਚ ਵੀ ਨਾਮਣਾ ਖੱਟੇਗਾ।
ਇਸ ਮੌਕੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਸ਼੍ਰੀ ਅਲੋਕ ਸ਼ੇਖਰ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, ਡੀ.ਆਰ.ਐਮ.ਈ. ਡਾ. ਅਵਿਨਾਸ਼, ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ, ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਰਿਸ਼ਵ ਜੈਨ ਸਮੇਤ ਪਤਵੰਤੇ ਤੇ ਸ਼ਹਿਰ ਵਾਸੀ ਹਾਜ਼ਰ ਸਨ।
Spread the love