![VARINDER KUMAR VARINDER KUMAR](https://newsmakhani.com/wp-content/uploads/2021/05/VARINDER-KUMAR-1.jpg)
ਪੰਜਾਬ ਵਿਧਾਨ ਸਭਾ ਚੋਣਾਂ-2022-
10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਗਦੀ ਜਦਕਿ ਇਸ ਤੋਂ ਵੱਧ ਰਾਸ਼ੀ ਚੈੱਕ ਰਾਹੀਂ ਕਰਨੀ ਪਵੇਗੀ
ਵਿਸ਼ੇਸ਼ ਖਰਚਾ ਨਿਗਰਾਨ ਰੱਖਣਗੇ ਉਮੀਦਵਾਰਾਂ ਦੇ ਖਰਚਿਆਂ ‘ਤੇ ਤਿੱਖੀ ਨਜ਼ਰ
ਜਾਤ, ਧਰਮ, ਰੰਗ ਅਤੇ ਲਾਲਚ ਦੇ ਸਿਰ ਉੱਤੇ ਨਾ ਮੰਗੀਆਂ ਜਾਣ ਵੋਟਾਂ – ਜ਼ਿਲ੍ਹਾ ਚੋਣ ਅਫ਼ਸਰ
ਹਰੇਕ ਰਾਜਸੀ ਸਰਗਰਮੀ ਲਈ ਲੈਣੀ ਪਾਵੇਗੀ ਅਗਾਊਂ ਪ੍ਰਵਾਨਗੀ
ਕਰੋਨਾ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ
ਜ਼ਿਲ੍ਹਾ ਪ੍ਰਸਾਸ਼ਨ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਾਇਆ ਜਾਣੂ
ਲੁਧਿਆਣਾ, 9 ਜਨਵਰੀ 2022
ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਚੋਣ ਲੜ੍ਹਨ ਵਾਲੇ ਉਮੀਦਵਾਰਾਂ ਦੇ ਚੋਣ ਖਰਚਿਆਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇੱਕ ਉਮੀਦਵਾਰ ਆਪਣੀ ਚੋਣ ਮੁਹਿੰਮ ਉੱਤੇ ਵੱਧ ਤੋਂ ਵੱਧ 40 ਲੱਖ ਰੁਪਏ ਹੀ ਖਰਚ ਕਰ ਸਕੇਗਾ। ਕੀਤੇ ਜਾ ਸਕਦੇ ਖਰਚੇ ਬਾਰੇ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਹੁਣੇ ਤੋਂ ਹੀ ਅਗਾਹ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਮੀਟਿੰਗ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਸਹਿਯੋਗ ਦਾ ਭਰੋਸਾ ਦਿੱਤਾ।
ਹੋਰ ਪੜ੍ਹੋ :-ਜ਼ਿਲ੍ਹਾ ਪ੍ਰਸ਼ਾਸਨ ਅਮਨ-ਅਮਾਨ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ : ਘਨਸ਼ਿਆਮ ਥੋਰੀ
ਸ਼੍ਰੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਬੇਹਤਾਸ਼ਾ ਖਰਚੇ ਨੂੰ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਰੈਲੀਆਂ, ਪ੍ਰਚਾਰ ਸਮੱਗਰੀ, ਇਸ਼ਤਿਹਾਰਬਾਜ਼ੀ, ਗੱਡੀਆਂ ਅਤੇ ਚੋਣਾਂ ਲਈ ਜ਼ਰੂਰੀ ਹੋਰ ਫੁਟਕਲ ਕੰਮਾਂ ਉੱਤੇ ਹੀ ਖਰਚ ਸਕਣਗੇ। ਇਸ ਲਈ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਇੱਕ ਦਿਨ ਪਹਿਲਾਂ ਆਪਣੇ ਨਾਮ ਉੱਤੇ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਂਕ ਜਾਂ ਪੋਸਟਲ ਖਾਤਾ ਖੁਲਵਾਉਣਾ ਪਵੇਗਾ। ਉਮੀਦਵਾਰ ਸਾਰਾ ਚੋਣ ਖਰਚਾ ਇਸੇ ਖਾਤੇ ਵਿੱਚੋਂ ਕਰ ਸਕਣਗੇ। 10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਗਦੀ ਕੀਤੀ ਜਾ ਸਕੇਗੀ ਜਦਕਿ ਇਸ ਤੋਂ ਵੱਧ ਰਾਸ਼ੀ ਚੈੱਕ ਰਾਹੀਂ ਕਰਨੀ ਪਵੇਗੀ।
ਉਨ੍ਹਾਂ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਵੋਟਾਂ ਲੈਣ ਲਈ ਗੈਰਕਾਨੂੰਨੀ ਤਰੀਕੇ ਜਿਵੇਂ ਕਿ ਸ਼ਰਾਬ ਅਤੇ ਨਸ਼ਿਆਂ ਦੀ ਵੰਡ, ਨਗਦੀ ਦੀ ਵੰਡ, ਤੋਹਫ਼ਿਆਂ ਦੀ ਵੰਡ ਆਦਿ ਨਾ ਕੀਤੀ ਜਾਵੇ। ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ‘ਤੇ ਨਿਗਰਾਨੀ ਰੱਖਣ ਲਈ ਜਿੱਥੇ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਖਰਚਾ ਨਿਗਰਾਨ ਭੇਜੇ ਜਾਣਗੇ ਉਥੇ ਹੀ ਸਥਾਨਕ ਪੱਧਰ ਉੱਤੇ ਵੀ ਕਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਜੋ ਵੀ ਖਰਚਾ ਕੀਤਾ ਜਾਵੇਗਾ ਉਸਦਾ ਵੇਰਵਾ ਰੋਜ਼ਾਨਾ ਖਰਚਾ ਰਜਿਸਟਰ ਵਿੱਚ ਦਰਜ ਕਰਨਾ ਹੋਵੇਗਾ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਗੁਪਤ ਰਜਿਸਟਰ ਵਿੱਚ ਵੀ ਇਹੀ ਖਰਚਾ ਦਰਜ ਕੀਤਾ ਜਾਵੇਗਾ। ਦੋਵੇਂ ਰਜਿਸਟਰਾਂ ਦਾ ਖਰਚਾ ਆਪਸ ਵਿੱਚ ਮੇਲ ਖਾਣਾ ਚਾਹੀਦਾ ਹੈ। ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਰਿਜ਼ਲਟ ਆਉਣ ਤੱਕ ਦੇ ਸਾਰੇ ਖਰਚੇ ਦੇ ਬਿੱਲ ਅਤੇ ਵਾਊਚਰ ਸੰਭਾਲ ਕੇ ਰੱਖਣੇ ਪੈਣਗੇ। ਹਰੇਕ ਖਰਚੇ ਦੀ ਪ੍ਰਵਾਨਗੀ ਸੰਬੰਧਤ ਰਿਟਰਨਿੰਗ ਅਫ਼ਸਰ ਤੋਂ ਲੈਣੀ ਲਾਜ਼ਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਰਾ ਖਰਚਾ ਚੋਣ ਕਮਿਸ਼ਨ ਵੱਲੋਂ ਤੈਅ ਰੇਟਾਂ ਮੁਤਾਬਿਕ ਹੀ ਬੁੱਕ ਕੀਤਾ ਜਾਵੇਗਾ। ਖਰਚਾ ਨਿਗਰਾਨ ਪੂਰੀ ਚੋਣ ਪ੍ਰਕਿਰਿਆ ਦੌਰਾਨ ਖੁਦ ਤਿੰਨ ਵਾਰ ਹਰੇਕ ਉਮੀਦਵਾਰ ਦਾ ਚੋਣ ਖਰਚਾ ਰਜਿਸਟਰ ਚੈੱਕ ਕਰਨਗੇ। ਸ਼੍ਰੀ ਸ਼ਰਮਾ ਨੇ ਸਮੂਹ ਪਾਰਟੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸਾਸ਼ਨ ਨੂੰ ਸਹਿਯੋਗ ਦੇਣ।
ਮੀਟਿੰਗ ਦੌਰਾਨ ਆਦਰਸ਼ ਚੋਣ ਜ਼ਾਬਤੇ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜਿਸ ਤਹਿਤ ਦੱਸਿਆ ਗਿਆ ਕਿ ਕੋਈ ਵੀ ਪਾਰਟੀ ਜਾਂ ਉਮੀਦਵਾਰ ਵੱਲੋਂ ਕਿਸੇ ਦੂਜੇ ਉਮੀਦਵਾਰ ਦੀ ਨਿੱਜ਼ੀ ਜ਼ਿੰਦਗੀ ਉੱਤੇ ਸੱਟ ਨਹੀਂ ਮਾਰੀ ਜਾ ਸਕੇਗੀ। ਜਾਤ, ਧਰਮ, ਰੰਗ ਅਤੇ ਲਾਲਚ ਦੇ ਸਿਰ ਉੱਤੇ ਵੋਟਾਂ ਨਹੀਂ ਮੰਗੀਆਂ ਜਾ ਸਕਣਗੀਆਂ। ਹਰੇਕ ਰਾਜਸੀ ਸਰਗਰਮੀ ਲਈ ਅਗਾਊਂ ਪ੍ਰਵਾਨਗੀ ਲੈਣੀ ਪਾਵੇਗੀ। ਡੋਰ ਟੂ ਡੋਰ ਚੋਣ ਪ੍ਰਚਾਰ ਲਈ ਵੀ ਸਿਰਫ 5 ਵਿਅਕਤੀ ਹੀ ਜਾ ਸਕਦੇ ਹਨ। ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਸਮਾਜਿਕ ਭਾਈਚਾਰਾ ਅਤੇ ਸਦਭਾਵਨਾ ਦਾ ਮਾਹੌਲ ਖ਼ਰਾਬ ਹੋਵੇ। ਚੋਣ ਜ਼ਾਬਤਾ ਖਤਮ ਹੋਣ ਤੱਕ ਆਪਣਾ ਹਰ ਤਰ੍ਹਾਂ ਦਾ ਅਸਲਾ ਨੇੜਲੇ ਪੁਲਿਸ ਸਟੇਸ਼ਨ ਉੱਤੇ ਜਮ੍ਹਾਂ ਕਰਵਾਇਆ ਜਾਵੇ। ਉਹਨਾਂ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਹੋਰ ਵੀ ਹਾਜ਼ਰ ਸਨ।