ਚੰਡੀਗੜ੍ਹ, 3 ਨਵੰਬਰ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਸੂਬੇ ਦੀ ਬੇਕਾਬੂ ਹੋਈ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਠਹਿਰਾਇਆ ਹੈ, ਕਿਉਂਕਿ ਗ੍ਰਹਿ ਮੰਤਰਾਲਾ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ।
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਕਿਹਾ, ”ਇਸ ਸਮੇਂ ਪੰਜਾਬ ‘ਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਜੰਗਲਰਾਜ ਦਾ ਬੋਲਬਾਲਾ ਹੈ। ਇਹੋ ਕਾਰਨ ਹੈ ਕਿ ਸੱਤਾਧਾਰੀ ਕਾਂਗਰਸ ਦੇ ਪ੍ਰਮੁੱਖ ਆਗੂਆਂ ਕੋਲ ਨਜਾਇਜ ਅਸਲੇ ਰੱਖੇ ਹੋਏ ਹਨ। ਜਿਸਦੀ ਪੁਸ਼ਟੀ ਬਠਿੰਡਾ ਜਿਲੇ ਦੇ ਕਾਂਗਰਸੀ ਆਗੂ ਕੋਲੋਂ ਬਰਾਮਦ ਹੋਏ ਅਸਲੇ ਨੇ ਕਰ ਦਿੱਤੀ ਹੈ। ਅਪਰਾਧੀਆਂ ਦੇ ਹੌਂਸਲੇ ਬੁਲੰਦ ਅਤੇ ਪੁਲਸ ਪ੍ਰਸ਼ਾਸਨ ਦੇ ਹੌਂਸਲੇ ਪਸਤ ਹਨ। ਤਰਨਤਾਰਨ ‘ਚ ਇਕ ਪੁਲਸ ਅਧਿਕਾਰੀ ਦੀ ਸ਼ਰੇਆਮ ਹੋਈ ਹੱਤਿਆ ਇਸ ਦੀ ਤਾਜਾ ਮਿਸਾਲ ਹੈ।
ਮੀਤ ਹੇਅਰ ਨੇ ਕਿਹਾ ਕਿ ਕਤਲ, ਲੁੱਟਖੋਹ, ਡਾਕੇ ਫਿਰੋਤੀਆਂ, ਅਗਵਾ, ਬਲਾਤਕਾਰ ਸਮੇਤ ਸ਼ਰਾਬ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਰਗੇ ਕੋਈ ਐਸੇ ਅਪਰਾਧ ਨਹੀਂ ਹਨ ਜੋ ਪੰਜਾਬ ਦੇ ਅਖਬਾਰਾਂ ਦੀਆਂ ਸੁਰਖੀਆਂ ਨਾ ਬਣ ਰਹੇ ਹਨ।
ਮੀਤ ਹੇਅਰ ਨੇ ਹੈਰਾਨੀ ਪ੍ਰਗਟਾਈ ਇਕ ਪਾਸੇ ਪੰਜਾਬ ਦੀਆਂ ਜੇਲਾਂ ‘ਚ ਬੈਠੇ ਗੈਂਗਸਟਰ ਅਤੇ ਦੇਸ਼ ਵਿਰੋਧੀ ਤੱਤ ਆਪਣੀਆਂ ਧੜੱਲੇ ਨਾਲ ਗਤੀਵਿਧੀਆਂ ਚਲਾ ਰਹੇ ਹਨ, ਦੂਜੇ ਪਾਸੇ ਪੰਜਾਬ ਸਰਕਾਰ ਯੂ.ਪੀ. ਦੇ ਖੁੰਖਾਰ ਅਪਰਾਧੀਆਂ ਨੂੰ ਆਪਣੀਆਂ ਜੇਲ੍ਹਾਂ ‘ਚ ਪਨਾਹ ਦੇ ਰਹੀ ਹੈ।
ਮੀਤ ਹੇਅਰ ਨੇ ਕਿਹਾ ਕਿ ਬੇਕਾਬੂ ਅਮਨ-ਕਾਨੂੰਨ ਲਈ ਜਿੰਮੇਵਾਰ ਅਮਰਿੰਦਰ ਸਿੰਘ ਨੂੰ ਆਪਣੀ ਤੁਰੰਤ ਗੱਦੀ ਛੱਡ ਦੇਣੀ ਚਾਹੀਦੀ ਹੈ।